ਪੰਜਾਬੀ ਭਾਸ਼ਾ ਨੂੰ ਆਪ ਸਰਕਾਰ ਨੇ ਪਟਰਾਣੀ ਬਣਾਇਆ- ਵਿਧਾਇਕ ਰਾਏ

  • ਜਿਲ੍ਹਾ ਭਾਸ਼ਾ ਦਫਤਰ ਵੱਲੋਂ ਕਰਵਾਇਆ ‘ਪੰਜਾਬੀ ਭਾਸ਼ਾ ਤੇ ਮੀਡੀਆ’ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ

ਫ਼ਤਹਿਗੜ੍ਹ ਸਾਹਿਬ, 03 ਨਵੰਬਰ : ਪੰਜਾਬ ਸਰਕਾਰ ਨੇ ਪੰਜਾਬੀ ਨੂੰ ਸਹੀ ਮਾਅਨਿਆਂ ‘ਚ ਪਟਰਾਣੀ ਵਾਲਾ ਦਰਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਵਿਧਾਨ ਸਭਾ ਤੇ ਸਕੱਤਰੇਤ ਤੋਂ ਲੈਕੇ ਹਰ ਸਰਕਾਰੀ ਦਫਤਰ ਤੇ ਸੰਸਥਾ ‘ਚ ਪੰਜਾਬੀ ਨੂੰ ਸਤਿਕਾਰਯੋਗ ਸਥਾਨ ਮਿਲਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਭਾਸ਼ਾ ਵਿਭਾਗ ਵੱਲੋਂ ਕਰਵਾਏ 'ਪੰਜਾਬੀ ਭਾਸ਼ਾ ਤੇ ਮੀਡੀਆ’ ਵਿਸ਼ੇ ‘ਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਗੁਰੂਆਂ-ਪੀਰਾਂ ਦੇ ਮੁੱਖ ‘ਚੋਂ ਉਚਾਰੀ ਗਈ ਭਾਸ਼ਾ ਹੈ, ਜਿਸ ਦੇ ਸ਼ਬਦਾਂ ‘ਚ ਮਿਠਾਸ, ਲਿਆਕਤ, ਨਿਮਰਤਾ ਤੇ ਹੋਰ ਵਿਸ਼ੇਸ਼ਤਾਵਾਂ ਮੌਜੂਦ ਹਨ। ਜਿੰਨ੍ਹਾਂ ਦਾ ਸਹੀ ਇਸਤੇਮਾਲ ਕਰਨਾ ਸਮੇਂ ਦੀ ਮੰਗ ਹੈ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਗਲਤ ਸ਼ਬਦਾਂ ਦੇ ਉਚਾਰਨ ਨਾਲ ਆਪਣੀ ਮਾਂ ਬੋਲੀ ਨੂੰ ਲਾਜ ਲਗਾ ਰਹੇ ਹਾਂ। ਲੋੜ ਹੈ ਇਸ ਭਾਸ਼ਾ ਦੇ ਪ੍ਰਚਾਰ ਪਸਾਰ ਲਈ ਇੱਕਜੁੱਟ ਹੋਈਏ ਅਤੇ ਇਸ ਨੂੰ ਦੁਨੀਆ ਦੇ ਕੋਨੇ-ਕੋਨੇ ‘ਚ ਲੈ ਕੇ ਜਾਈਏ। ਉਨ੍ਹਾਂ ਕਿਹਾ ਕਿ ਜੇਕਰ ਚੀਨੀ ਲੋਕ ਆਪਣੀ ਮਾਤ ਭਾਸ਼ਾ ਨੂੰ ਕਾਰੋਬਾਰੀ ਭਾਸ਼ਾ ਬਣਾ ਕੇ ਦੁਨੀਆ ‘ਚ ਵੱਡੀ ਤਾਕਤ ਬਣ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ਬਣ ਸਕਦੇ। ਇਸ ਮੌਕੇ ਸੈਮੀਨਾਰ ਵਿੱਚ ਮੁੱਖ ਵਕਤਾ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਹਰ ਭਾਸ਼ਾ ‘ਚ ਸਮੇਂ-ਸਮੇਂ ਸਿਰ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਆਉਂਦੇ ਰਹਿੰਦੇ ਹਨ ਪਰ ਅਜਿਹੇ ਸ਼ਬਦਾਂ ਨੂੰ ਸਹੀ ਰੂਪ ‘ਚ ਵਰਤਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਮੌਜੂਦਾ ਦੌਰ ‘ਚ ਮੀਡੀਆ ਦੇ ਕੁਝ ਸਾਧਨਾਂ ਵੱਲੋਂ ਪੰਜਾਬੀ ਭਾਸ਼ਾ ਦਾ ਅਜਿਹਾ ਉਚਾਰਨ ਕੀਤਾ ਜਾ ਰਿਹਾ ਹੈ ਜਿਸ ਨਾਲ ਇਸ ਦੇ ਸਰੂਪ ਨੂੰ ਢਾਅ ਲੱਗ ਰਹੀ ਹੈ। ਜਦੋਂ ਕਿ ਲੋੜ ਹੈ ਪੰਜਾਬੀ ਭਾਸ਼ਾ ‘ਤੇ ਅਜਿਹੇ ਸ਼ਬਦਾਂ ਨੂੰ ਭਾਰੂ ਨਾ ਹੋਣ ਦਿੱਤਾ ਜਾਵੇ ਜੋ ਇਸ ਦਾ ਸਰੂਪ ਬਦਲ ਦੇਣ। ਉਨ੍ਹਾਂ ਕਿਹਾ ਕਿ ਲੋੜ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਸਮੇਂ ਮੀਡੀਆ ਵੱਲੋਂ ਸ਼ਾਲੀਨਤਾ, ਨਿਮਰਤਾ ਤੇ ਵਿਆਕਰਣਕ ਖਿਆਲ ਰੱਖਿਆ ਜਾਵੇ। ਆਪਣੇ ਪ੍ਰਧਾਨਗੀ ਭਾਸ਼ਣ ‘ਚ ਸੁਰਿੰਦਰ ਸਿੰਘ ਤੇਜ ਨੇ ਕਿਹਾ ਕਿ ਹਰ ਸਮੇਂ ਵੱਖ-ਵੱਖ ਭਾਸ਼ਾਵਾਂ ‘ਚ ਹੋਰਨਾਂ ਭਾਸ਼ਾਵਾਂ ਦੇ ਸ਼ਬਦਾਂ ਦੀ ਸ਼ਮੂਲੀਅਤ ਹੁੰਦੀ ਰਹਿੰਦੀ ਹੈ ਪਰ ਹੋਰਨਾਂ ਭਾਸ਼ਾਵਾਂ ਦੇ ਸ਼ਬਦਾਂ ਦੀ ਜਬਰਦਸਤੀ ਵਰਤੋਂ ਨਾ ਕੀਤੀ ਜਾਵੇ। ਅਜਿਹਾ ਹੀ ਮੀਡੀਆ ‘ਚ ਹੋ ਰਿਹਾ ਹੈ ਬਹੁਤ ਸਾਰੇ ਅਢੁਕਵੇਂ ਸ਼ਬਦ ਪੰਜਾਬੀ ਮੀਡੀਆ ‘ਤੇ ਠੋਸੇ ਜਾ ਰਹੇ ਹਨ। ਲੋੜ ਹੈ ਸ਼ੁੱਧ ਉਚਾਰਨ ਅਤੇ ਲਿਖਤ ਲਈ ਮਿਆਰੀ ਪੰਜਾਬੀ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਪੰਜਾਬੀ ਮੀਡੀਆ ਦੀ ਪੰਜਾਬ ‘ਚ ਪਹੁੰਚ ਸਿਰਫ 27 ਫੀਸਦੀ ਰਹਿ ਗਈ ਹੈ ਜਦੋਂ ਕਿ ਬੰਗਾਲ ‘ਚ ਉਨ੍ਹਾਂ ਦੀ ਮਾਂ ਬੋਲੀ ਬੰਗਾਲੀ ਦੀ ਪਹੁੰਚ 77 ਫੀਸਦੀ ਹੈ। ਇਸ ਮੌਕੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਤੇ ਉੱਘੇ ਕਾਲਮਨਵੀਸ ਸੁਰਿੰਦਰ ਸਿੰਘ ਤੇਜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ (ਭਾਸ਼ਾਵਾਂ) ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ (ਡਾ.) ਨੇ ਮੁੱਖ ਵਕਤਾ ਵਜੋਂ ਸੈਮੀਨਾਰ ‘ਚ ਸ਼ਮੂਲੀਅਤ ਕੀਤੀ। ਜਿਲ੍ਹਾ ਭਾਸ਼ਾ ਅਫਸਰ ਜਗਜੀਤ ਸਿੰਘ ਜਟਾਣਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ, ਸਰਗਰਮੀਆਂ ਤੇ ਯੋਜਨਾਵਾਂ ਬਾਰੇ ਚਾਨਣਾ ਪਾਇਆ। ਉੱਘੇ ਲਿਖਾਰੀ ਪ੍ਰੋ. ਅੱਛਰੂ ਸਿੰਘ, ਸ੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਨਾਮਵਰ ਚਿੰਤਕ ਡਾ. ਕੁਲਦੀਪ ਸਿੰਘ ਦੀਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਖੋਜਾਰਥੀ ਸੁਖਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਇਸ ਮੌਕੇ ਵਿਚਾਰ ਚਰਚਾ ‘ਚ ਹਿੱਸਾ ਲਿਆ। ਮੰਚ ਸੰਚਾਲਕ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਖੋਜ ਸਹਾਇਕ ਹਰਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੈਮੀਨਾਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਮਾਤਾ ਗੁਜ਼ਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਦੇ ਪੱਤਰਕਾਰੀ ਨਾਲ ਸਬੰਧਤ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਸੁਖਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਅਤੇ ਇਸ ਨੂੰ ਸਮੇਂ-ਸਮੇਂ ਸਿਰ ਆਈਆਂ ਔਕੜਾਂ ਬਾਰੇ ਚਾਨਣਾ ਪਾਇਆ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅਜੋਕੇ ਯੁੱਗ ‘ਚ ਸੋਸ਼ਲ ਮੀਡੀਆ ਨੇ ਹਰ ਵਿਅਕਤੀ ਨੂੰ ਕੁਝ ਨਾ ਕੁਝ ਲਿਖਣ ਲਗਾ ਦਿੱਤਾ ਹੈ, ਜਿਸ ਨਾਲ ਪੰਜਾਬੀ ਭਾਸ਼ਾ ਦਾ ਪਸਾਰ ਵਧ ਰਿਹਾ ਹੈ ਪਰ ਲੋੜ ਹੈ ਸ਼ੁੱਧ ਪੰਜਾਬੀ ਲਿਖਣ ਦਾ ਹਰ ਕੋਈ ਅਹਿਦ ਕਰੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪੰਜਾਬੀ ਸਾਹਿਤ ਦਾ ਕੱਚਾ ਮਾਲ ਤਿਆਰ ਕਰ ਰਿਹਾ ਹੈ ਜਦੋਂ ਕਿ ਸੋਸ਼ਲ ਮੀਡੀਆ ਦੇ ਲਿਖਾਰੀ ਥੋੜ੍ਹੀ ਹੋਰ ਮਿਹਨਤ ਕਰਨ ਅਤੇ ਵਧੀਆ ਸਾਹਿਤਕਾਰ ਬਣਨ। ਅਖੀਰ ਵਿੱਚ ਵਿਚਾਰ ਚਰਚਾ ਨੂੰ ਸਮੇਟਦਿਆ ਪ੍ਰੋ. ਅੱਛਰੂ ਸਿੰਘ ਨੇ ਕਿਹਾ ਕਿ ਵਧੀਆ ਪੱਤਰਕਾਰੀ ਲਈ ਮਿਆਰੀ ਭਾਸ਼ਾ ਦਾ ਹੋਣਾ ਬਹੁਤ ਜਰੂਰੀ ਹੈ। ਇਸ ਕਰਕੇ ਜਰੂਰਤ ਹੈ ਅਸੀਂ ਆਪਣੀ ਮਾਤ ਭਾਸ਼ਾ ਨੂੰ ਵਿਆਕਰਨਕ ਪੱਖ ਤੋਂ ਸ਼ੁੱਧ ਰੂਪ ‘ਚ ਵਰਤ ਕੇ, ਆਪਣੇ ਮੀਡੀਆ ਦੇ ਮਿਆਰ ‘ਚ ਵਾਧਾ ਕਰੀਏ। ਇਸ ਮੌਕੇ ਦੂਰਦਰਸ਼ਨ ਦਿੱਲੀ ਦੇ ਸਾਬਕਾ ਡਿਪਟੀ ਡਾਇਰੈਕਟਰ ਹਾਕਮ ਸਿੰਘ, ਲੇਖਕ ਸੰਤ ਸਿੰਘ ਸੋਹਲ, ਮਨਿੰਦਰ ਬੱਸੀ, ਐਡਵੋਕੇਟ ਦਰਬਾਰਾ ਸਿੰਘ ਢੀਂਡਸਾ, ਐਡਵੋਕੇਟ ਜਸਵਿੰਦਰ ਸਿੰਘ ਸਿੱਧੂ, ਡਾ. ਗੁਰਮੀਤ ਸਿੰਘ, ਡਾ. ਰਾਸ਼ਿਦ ਰਸ਼ੀਦ ਮੁਖੀ ਪੰਜਾਬੀ ਵਿਭਾਗ ਮਾਤਾ ਗੁਜਰੀ ਕਾਲਜ, ਜਸਵੰਤ ਕੌਰ ਬੈਂਸ ਖਮਾਣੋ, ਕਰਨੈਲ ਸਿੰਘ ਗੋਬਿੰਦਗੜ੍ਹ, ਉਪਕਾਰ ਦਿਆਲਪੁਰੀ, ਪ੍ਰੋ. ਦਿਲਰਾਜ ਸਿੰਘ, ਸੁਰਿੰਦਰ ਸ਼ਰਮਾ ਚੰਡੀਗੜ੍ਹ, ਮਾ. ਅੰਮ੍ਰਿਤਪਾਲ ਸਿੰਘ ਮਘਾਣੀਆ ਤੇ ਸਤਵਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਪੰਜਾਬੀ ਪ੍ਰੇਮੀ ਹਾਜ਼ਰ ਸਨ।