"ਆਪ ਦੀ ਸਰਕਾਰ ਆਪ ਦੇ ਦੁਆਰ", ਪਹਿਲੇ ਦਿਨ 139 ਸ਼ਿਕਾਇਤਾਂ ਵਿਚੋਂ 93 ਦਾ ਕੀਤਾ ਮੌਕੇ ਤੇ ਹੱਲ

  • ਜ਼ਿਲ੍ਹੇ ਵਿੱਚ 10 ਵੱਖ- ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਲਗਾਏ ਗਏ ਜਨ ਸੁਵਿਧਾ ਕੈਂਪ

ਫ਼ਰੀਦਕੋਟ 07 ਫ਼ਰਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਯੋਜਨਾ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਦੇ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਲਾਕ ਫ਼ਰੀਦਕੋਟ ਦੇ ਪਿੰਡ ਭੋਲੂਵਾਲਾ, ਬੀੜ ਭੋਲੂਵਾਲਾ, ਚੇਤ ਸਿੰਘ ਵਾਲਾ, ਮਚਾਕੀ ਕਲਾਂ, ਫ਼ਰੀਦਕੋਟ ਦੇ ਵਾਰਡ ਨੰ- 25,1 ਅਤੇ 2 ਕੋਟਕਪੂਰਾ ਦੇ ਵਾਰਡ ਨੰ-3, ਪਿੰਡ ਬੀੜ ਸਿੱਖਾਂਵਾਲਾ, ਹਰੀ ਨੌ ਅਤੇ ਜੈਤੋ ਬਲਾਕ ਦੇ ਵਾਰਡ ਨੰ-2 ਅਤੇ ਪਿੰਡ ਬਹਿਬਲ ਕਲਾਂ ਅਤੇ ਬਿਸ਼ਨੰਦੀ ਵਿਖੇ ਨਿਯੁਕਤ ਕੀਤੇ ਗਏ ਨੋਡਲ ਅਫਸਰਾਂ ਵਲੋਂ ਕੈਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ  ਜਿਥੇ ਲੋਕਾਂ ਵਿਚ ਕੈਂਪਾਂ ਦੇ ਪ੍ਰਤੀ ਕਾਫੀ ਉਤਸ਼ਾਹ ਪਾਇਆ ਗਿਆ ਅਤੇ ਉਥੇ ਉਨ੍ਹਾਂ ਵੱਧ-ਚੜ੍ਹ ਕੇ ਇਨ੍ਹਾਂ ਕੈਂਪਾਂ ਵਿਚ ਆ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਕੈਂਪਾਂ ਵਿਚ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜੇ ਹੀ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਯੋਗ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕਰਨ ਦੇ ਉਦੇਸ਼ ਨਾਲ ਇਹ ਕੈਂਪ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਅਤੇ ਇਕ ਛੱਤ ਥੱਲੇ ਪੰਜਾਬ ਸਰਕਾਰ ਵਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੈਂਪ ਵੱਖ-ਵੱਖ ਸਥਾਨਾਂ ’ਤੇ ਰੋਜ਼ਾਨਾ ਲੱਗਣਗੇ ਅਤੇ ਲੋਕ ਵੱਧ ਤੋਂ ਵੱਧ ਇਨ੍ਹਾਂ ਕੈਂਪਾਂ ਦਾ ਲਾਭ ਲੈਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਦਿਨ 6 ਫ਼ਰਵਰੀ ਨੂੰ ਲਗਾਏ ਗਏ ਕੈਂਪਾਂ ਵਿਚ 217 ਸੇਵਾਵਾਂ ਲਈ ਲੋਕਾਂ ਨੇ ਅਰਜ਼ੀਆਂ ਦਿੱਤੀਆਂ, ਜਿਨ੍ਹਾਂ ਵਿਚੋਂ 104 ਸੇਵਾਵਾਂ ਮੌਕੇ ’ਤੇ ਹੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਅਤੇ ਬਾਕੀ ਸੇਵਾਵਾਂ ਵੀ ਜਲਦ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੈਂਪਾਂ ਵਿਚ ਆਈਆਂ 139 ਸ਼ਿਕਾਇਤਾਂ ਵਿਚੋਂ 93 ਨੂੰ ਮੌਕੇ ’ਤੇ ਹੀ ਹੱਲ ਕਰ ਦਿੱਤਾ ਗਿਆ ਅਤੇ ਬਾਕੀ ਸ਼ਿਕਾਇਤਾਂ ਵੀ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮਿਤੀ 08 ਫ਼ਰਵਰੀ ਨੂੰ  ਫ਼ਰੀਦਕੋਟ ਦੇ ਵਾਰਡ ਨੰ- 4,5,6,7,ਪਿੰਡ ਮਚਾਕੀ ਖੁਰਦ,ਅਤੇ ਕਿਲਾ ਨੌ, (ਸਵੇਰੇ 10.00 ਤੋਂ 12.00) ਅਰਾਈਵਾਲਾ ਕਲਾਂ, ਅਤੇ ਗੋਲੇਵਾਲਾ (ਦੁਪਹਿਰ 02.00 ਤੋਂ 4.00) ਬਲਾਕ ਕੋਟਕਪੂਰਾ ਦੇ ਵਾਰਡ ਨੰ-4, ਪਿੰਡ ਢਿੱਲਵਾਂ ਕਲਾਂ, ਫਿੱਡੇ ਕਲਾ ਅਤੇ ਬਲਾਕ ਜੈਤੋ ਦੇ ਵਾਰਡ ਨੰ-3 ਪਿੰਡ ਬਹਿਬਲ ਖੁਰਦ ਅਤੇ ਗੁਰੂਸਰ ਵਿਖੇ ਕੈਂਪ ਲਗਾਏ ਜਾਣਗੇ।