ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਚੁਟਕਲੇ ਸੁਣਾ ਕੇ ਭਰਮਾਉਣਾ ਚਾਹੁੰਦੀ ਹੈ : ਬਲਵਿੰਦਰ ਸਿੰਘ ਭੂੰਦੜ 

  • ਬਰਨਾਲਾ ਦੀ ਜ਼ਿਮਨੀ ਚੋਣ ਅਕਾਲੀ ਦਲ ਵੱਲੋਂ ਕੁਲੰਵਤ ਸਿੰਘ ਕੀਤੂ ਲੜੇਗਾ : ਭੂੰਦੜ 

ਬਰਨਾਲਾ, 20 ਸਤੰਬਰ 2024 : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇਲ, ਬਿਜਲੀ ਅਤੇ ਟ੍ਰਾਂਸਪੋਰਟ ਦਰਾਂ ਵਿੱਚ ਕੀਤੇ ਵਾਧੇ ਵਿਰੁੱਧ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਇਹ ਪ੍ਰਦਰਸ਼ਨ ਕੀਤੇ ਗਏ ਨਾਲ ਹੀ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਉੱਤੇ ਵੀ ਅਕਾਲੀ ਆਗੂਆਂ ਨੇ ਸਵਾਲ ਚੁੱਕੇ। ਬਰਨਾਲਾ ਵਿਖੇ ਇਸ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾਂ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਚੁਟਕਲੇ ਸੁਣਾ ਕੇ ਭਰਮਾਉਣਾ ਚਾਹੁੰਦੀ ਹੈ। ਲੋਕਾਂ ਨੂੰ ਝੂਠ ਮਾਰ ਕੇ ਸਰਕਾਰ ਬਣਾਈ ਅਤੇ ਕਾਗਜ਼ ਭਰ ਦਿੱਤੇ ਹਨ। ਪਿਛਲੇ ਢਾਈ ਸਾਲ ਤੋਂ ਅਸੀਂ ਚੁੱਪ ਸੀ ਕਿਉਂਕਿ ਫਿਰ ਇਹਨਾਂ ਨੇ ਬਹਾਨਾ ਬਣਾਉਣਾ ਸੀ ਕਿ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਹੁਣ ਢਾਈ ਸਾਲ ਤੋਂ ਵੱਧ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਹੈ। ਪੰਜਾਬ ਨੂੰ ਰੰਗਲਾ ਬਣਾਉਣ ਦੀ ਥਾਂ ਕੰਗਲਾ ਬਣਾ ਦਿੱਤਾ ਹੈ। ਲੋਕਾਂ ਉੱਤੇ ਟੈਕਸਾਂ ਦਾ ਭਾਰ ਦਿਨੋਂ ਦਿਨ ਵਧਾਇਆ ਜਾ ਰਿਹਾ ਹੈ ਅਤੇ ਲੋਕਾਂ ਤੋਂ ਇਹ ਬੋਝ ਚੁੱਕਿਆ ਨਹੀਂ ਜਾ ਰਿਹਾ। ਭੂੰਦੜ ਨੇ ਕਿਹਾ ਕਿ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ। ਬਿਜਲੀ ਅਤੇ ਤੇਲ ਦੀਆਂ ਦਰਾਂ ਵਧਾ ਕੇ ਲੋਕਾਂ ਉੱਤੇ ਬੋਝ ਪਾਇਆ ਜਾ ਰਿਹਾ ਹੈ, ਜਿਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਪੰਚਾਇਤੀ ਚੋਣਾਂ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਪਿੰਡਾਂ ਦਾ ਵਿਕਾਸ ਕਰਨ ਵਾਲੇ, ਭਾਈਚਾਰਕ ਸਾਂਝ ਵਾਲੇ ਅਤੇ ਸੂਝਵਾਨ ਲੋਕਾਂ ਨੂੰ ਪੰਚਾਇਤੀ ਦੀਆਂ ਚੋਣਾਂ ਵਿੱਚ ਅੱਗੇ ਲਿਆਉਣਾ ਚਾਹੀਦਾ ਹੈ। ਬਰਨਾਲਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਨੂੰ ਪੂਰੇ ਜ਼ੋਰ ਨਾਲ ਲੜੇਗਾ। ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦਾ ਪੁੱਤਰ ਕੁਲੰਵਤ ਸਿੰਘ ਇਸ ਚੋਣ ਨੂੰ ਅਕਾਲੀ ਦਲ ਵੱਲੋਂ ਲੜੇਗਾ। ਅਕਾਲੀ ਦਲ ਇਸ ਚੋਣ ਲਈ ਪੂਰੀ ਤਿਆਰੀ ਕਰ ਰਿਹਾ ਹੈ ਅਤੇ ਇਸ ਚੋਣ ਵਿੱਚ ਜਿੱਤ ਦਰਜ ਕਰੇਗਾ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਭੂੰਦੜ ਨੇ ਕਿਹਾ ਕਿ ਕੇਜਰੀਵਾਲ ਸਿਰੇ ਦਾ ਡਰਾਮੇਬਾਜ਼ ਹੈ। ਦਿੱਲੀ ਵਿਖੇ ਵਿਧਾਨ ਸਭਾ ਦੀ ਚੋਣ ਵਿੱਚ ਸਿਰਫ਼ ਦੋ ਮਹੀਨੇ ਰਹਿ ਗਏ ਹਨ। ਸਰਕਾਰ ਨੇ ਕੰਮ ਕਰਨ ਤੋਂ ਰੋਕ ਲਗਾ ਦਿੱਤੀ ਹੈ, ਹੁਣ ਡਰਾਮਾ ਕਰਦਾ ਅਸਤੀਫ਼ਾ ਦੇ ਰਿਹਾ ਹੈ। ਉਸ ਨੂੰ ਜੇਲ੍ਹ ਵਿੱਚ ਬੈਠ ਕੇ ਅਸਤੀਫ਼ਾ ਦੇਣਾ ਚਾਹੀਦਾ ਸੀ।