ਹਲਕਾ ਦਾਖਾ ਦੀ ਆਮ ਆਦਮੀ ਪਾਰਟੀ 'ਚ ਮੱਚੀਖਲਬਲੀ, ਆਗੂ ਬੱਸਣ ਨੂੰ ਬਿਠਾਇਆ ਘਰ 

  • ਬਲਵਿੰਦਰ ਸਿੰਘ ਬੱਸਣ ਨਾਲ ਸਾਡੇ ਕੋਈ ਸਬੰਧ ਨਹੀਂ : ਕੰਗ

ਮੁੱਲਾਂਪੁਰ ਦਾਖਾ, 30 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਪਿਛਲੇ ਕਰੀਬ 6 ਮਹੀਨੇ ਤੋ ਮੁੱਲਾਂਪੁਰ ਦਾਖਾ ਸ਼ਹਿਰ ਵਿੱਚ ਚੱਲਦਾ ਚੂਹੇ ਬਿੱਲੀ  ਦੇ ਖੇਡ ਦਾ ਅੱਜ ਆਖਰ ਅੰਤ ਹੋ ਗਿਆ। ਹਲਕਾ ਦਾਖਾ ਵਿੱਚ ਬੇਸ਼ਕ ਹਲਕਾ ਇੰਚਾਰਜ ਕੇ ਐਨ ਐਸ ਕੰਗ ਦੀ ਤੂਤੀ ਬੋਲਦੀ ਹੈ ਪ੍ਰੰਤੂ ਮੁੱਲਾਂਪੁਰ ਸ਼ਹਿਰ ਚ ਬਲਵਿੰਦਰ ਸਿੰਘ ਬੱਸਣ ਧੜੇ ਵਲੋ ਵੀ ਆਪਣੇ ਆਮ ਨੂੰ ਆਮ ਆਦਮੀ ਪਾਰਟੀ ਦਾ ਆਗੂ ਮੰਨਿਆ ਜਾ ਰਿਹਾ ਸੀ ਅਤੇ ਉਹ ਲੋਕਾਂ ਦੇ ਦੁਖ ਸੁਖ ਵਿੱਚ ਸ਼ਰੀਕ ਵੀ ਹੁੰਦਾ ਸੀ। ਹੁਣ ਬੀਤੇ ਦਿਨੀਂ ਜਦੋ ਆਪ ਆਗੂ ਕੇ ਐਨ ਐਸ ਕੰਗ ਨੇ ਕ੍ਰਿਸ਼ਨ ਕੁਮਾਰ ਗੋਇਲ ਬੰਟੀ ਨੂੰ ਮੁੱਲਾਂਪੁਰ ਦਾਖਾ ਦੁਕਾਨਦਾਰ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਸੀ ਪਰ ਦੂਸਰੇ ਪਾਸੇ ਸ਼ਹਿਰ ਦੇ ਵੱਡੀ ਗਿਣਤੀ ਦੁਕਾਨਦਾਰਾਂ ਨੇ ਜਸਪ੍ਰੀਤ ਸਿੰਘ ਜੱਸੀ ਕਾਰ ਸ਼ਿੰਗਾਰ ਵਾਲੇ ਨੂੰ ਪ੍ਰਧਾਨ ਚੁਣ ਲਿਆ ਸੀ ਜਿਸ ਤੋ ਬਾਅਦ ਆਮ ਆਦਮੀ ਪਾਰਟੀ ਦੇ ਇੰਚਾਰਜ ਕੇ ਐਨ ਐਸ ਕੰਗ ਇਸ ਗੱਲ ਤੋਂ ਖਫਾ ਸਨ ਕਿ ਇਹ ਨਿਯੁਕਤੀ ਬਲਵਿੰਦਰ ਸਿੰਘ ਬੱਸਣ ਵਗੈਰਾ ਨੇ ਕੀਤੀ ਹੈ। ਅੱਜ ਮੁੱਲਾਂਪੁਰ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਉਸ ਵੇਲੇ ਚਕਲੋ ਚੱਕਲੋ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੋੜ ਵਲੋ ਇਹ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਬਲਵਿੰਦਰ ਸਿੰਘ ਬੱਸਣ ਨਾਲ ਕੋਈ ਲੈਣ ਦੇਣ ਨਹੀਂ।ਉਪਰੰਤ ਆਪ ਆਗੂ ਕੰਗ ਨੇ ਸਪਸ਼ੱਟ ਕੀਤਾ ਕਿ ਬਲਵਿੰਦਰ ਸਿੰਘ ਬੱਸਣ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ। ਬੇਸ਼ਕ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੰਗ ਨੇ ਬਲਵਿੰਦਰ ਸਿੰਘ ਬੱਸਣ ਨੂੰ ਪਾਰਟੀ ਚੋ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਪ੍ਰੰਤੂ ਜਦੋ ਬਲਵਿੰਦਰ ਸਿੰਘ ਬੱਸਣ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਕਿ ਮੇਰੇ ਕੋਲ ਕੋਈ ਆਪ ਦਾ ਸੰਵਿਧਾਨਕ ਅਹੁਦਾ ਹੀ ਨਹੀਂ ਹੈ,ਇਸ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਮੈਨੂੰ ਪਾਰਟੀ ਚੋਂ ਬਰਖਾਸਤ ਕਰਨ। ਦੂਜੀ ਗੱਲ ਬਲਵਿੰਦਰ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿੰਘ ਜੱਸੀ ਨੂੰ ਪ੍ਰਧਾਨ ਮੁੱਲਾਂਪੁਰ ਦਾਖਾ ਦੇ ਹਜੂਮ ਨੇ ਬਣਾਇਆ ਹੈ,ਨਾ ਕੇ ਮੈਂ। ਬਾਕੀ ਬੱਸਣ ਨੇ ਕਿਹਾ ਕਿ ਉਹ 2022 ਤੋਂ ਨਹੀਂ ਬਲਕਿ 2017 ਤੋ ਆਮ ਆਦਮੀ ਪਾਰਟੀ ਦੇ ਨਾਲ ਹਨ ,ਉਹਨਾਂ ਕਿਹਾ ਕਿ ਉਸ ਸਮੇਂ ਦੇ ਉਮੀਦਵਾਰ ਐੱਚ ਐੱਸ ਫੂਲਕਾ ਦੀਆਂ ਉਹ ਸਟੇਜਾਂ ਤੇ ਪ੍ਰਚਾਰ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਤਾਂ ਪੁਰਾਣੇ ਸਮੇਂ ਚ ਕਹਿੰਦੇ ਕਹਾਉਂਦੇ ਆਗੂ ਕੌਂਸਲਰ ਬਣਨ ਤੋਂ ਰੋਕ ਨਹੀ ਸਕੇ,ਇਸ ਕਰਕੇ ਉਹਨਾਂ ਕਿਹਾ ਕਿ ਉਹ ਹਮੇਸ਼ਾਂ ਮੁੱਲਾਂਪੁਰ ਦਾਖਾ ਦੇ ਲੋਕਾਂ ਦੇ ਦੁਖ ਸੁਖ ਚ ਹਮੇਸ਼ਾਂ ਖੜਦੇ ਰਹਿਣਗੇ। ਬਾਕੀ ਉਹਨਾਂ ਕਿਹਾ ਕਿ ਜੇਕਰ ਆਪ ਦੇ ਹਲਕਾ ਇੰਚਾਰਜ ਕੰਗ ਉਹਨਾਂ ਨੂੰ ਪਾਰਟੀ ਚੋ ਬਾਹਰ ਦਾ ਰਸਤਾ ਦਿਖਾਉਦੇ ਹਨ ਤਾਂ ਇਸਦਾ ਖਮਿਆਜਾ ਆਉਣ ਵਾਲੀ ਹਰ ਚੋਣ ਵਿੱਚ ਇਹਨਾ ਨੂੰ ਭੁਗਤਣਾ ਪਵੇਗਾ। ਹੁਣ ਬੇਸ਼ਕ ਆਪ ਆਗੂਆਂ ਵਲੋ ਬਲਵਿੰਦਰ ਸਿੰਘ ਬੱਸਣ ਨੂੰ ਪਰੇ ਕਰ ਦਿੱਤਾ ਹੈ ਪ੍ਰੰਤੂ ਸਿਆਸੀ ਲੋਕ ਇਹ ਆਖ ਰਹੇ ਹਨ ਕਿ ਇਸਦਾ ਖਮਿਆਜਾ ਆਉਣ ਵਾਲੀ ਹਰ ਚੋਣ ਵਿੱਚ ਆਪ ਆਗੂਆਂ ਨੂੰ ਭੁਗਤਣਾ ਪਵੇਗਾ ਕਿਉਕਿ ਬਲਵਿੰਦਰ ਸਿੰਘ ਬੱਸਣ ਦਾ ਵੀ ਸ਼ਹਿਰ ਚ ਆਪਣਾ ਚੰਗਾ ਅਸਰ ਰਸੂਖ ਹੈ।