ਮੱਛੀ ਪਾਲਣ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ 4.89 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮੰਨਜੂਰੀ

ਲੁਧਿਆਣਾ, 29 ਮਾਰਚ (ਰਘਵੀਰ ਸਿੰਘ ਜੱਗਾ) : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਪੱਧਰੀ ਕਮੇਟੀ, ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (PMMSY)  ਸ੍ਰੀਮਤੀ ਸੁਰਭੀ ਮਲਿਕ ਆਈ.ਏ.ਐਸ. ਦੀ ਅਗਵਾਈ ਵਿੱਚ ਮੱਛੀ ਪਾਲਣ ਵਿਭਾਗ, ਲੁਧਿਆਣਾ ਦਾ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਮੰਨਜੂਰ ਕੀਤਾ ਗਿਆ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਆਈ.ਏ.ਐਸ. ਅਤੇ ਸਮੂਹ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਦਲਬੀਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ ਵੱਲੋਂ ਮੱਛੀ ਪਾਲਣ ਦੇ ਵਿਕਾਸ ਸਬੰਧੀ ਚੱਲ ਰਹੀਆ ਗਤੀਵਿਧੀਆ ਬਾਰੇ ਅਤੇ ਮੀਟਿੰਗ ਦੇ ਏਜੰਡੇ ਬਾਰੇ ਹਾਊਸ ਨੂੰ ਵਿਸਥਾਰ ਸਹਿਤ ਜਾਣੂੰ ਕਰਵਾਇਆ ਗਿਆ, ਜਿਸ ਵਿੱਚ ਸਾਲ 2022-23 ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (PMMSY) ਦੇ ਅਪਰੂਵ ਹੋਏ ਐਕਸ਼ਨ ਪਲਾਨ ਦੀ ਸਮੀਖਿਆ ਕੀਤੀ ਗਈ। ਇਸ ਤੋਂ ਬਆਦ ਅਗਲੇ ਦੋ ਸਾਲ ਦਾ ਐਕਸ਼ਨ ਪਲਾਨ ਲਾਗੂ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਮੱਛੀ ਪਾਲਣ ਅਧੀਨ ਨਵਾਂ ਰਕਬਾ ਲਿਆਉਣ, ਮੱਛੀ ਦੀ ਢੋਆ ਢੁਆਈ ਲਈ ਇੰਸੁਲੇਟਿਡ ਵਾਹਨ, ਥਰੀ ਵਹੀਲਰ ਨਾਲ ਆਈਸ ਬਾਕਸ, ਮੋਟਰ ਸਾਈਕਲ ਨਾਲ ਆਈਸ ਬਾਕਸ ਅਤੇ ਸਾਈਕਲ ਨਾਲ ਆਈਸ ਬਾਕਸ ਲਈ ਸਾਲ 2023-24 ਲਈ ਕੁੱਲ 2.44 ਕਰੋੜ ਰੁਪਏ, ਅਗਲੇ ਸਾਲ 2024-25 ਲਈ ਕੁੱਲ 2.45 ਕਰੋੜ ਰੁਪਏ ( ਦੋ ਸਾਲ ਦਾ ਕੁੱਲ 4.89 ਕਰੋੜ) ਦਾ ਐਕਸ਼ਨ ਪਲਾਨ ਪੇਸ਼ ਕੀਤਾ ਗਿਆ। ਵਿਭਾਗੀ ਅਫਸਰਾ ਵੱਲੋਂ ਦੱਸਿਆ ਗਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਜ਼ਿਲ੍ਹੇ ਵਿੱਚ ਮੱਛੀ ਪਾਲਣ ਦਾ ਵਿਕਾਸ, ਨੌਂਜਵਾਨਾ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਸਾਧਨ ਵਿਕਸਿਤ ਕਰਨਾ, ਕਿਸਾਨਾ ਦੀ ਆਮਦਨ ਨੂੰ ਵਧਾਉਣਾ ਤੇ ਮੱਛੀ ਨੂੰ ਘਰ-ਘਰ ਪਹੁੰਚਾਉਣਾ ਹੈ ਤੇ ਇਨ੍ਹਾਂ ਸਕੀਮਾਂ ਉਤੇ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ (PMMSY)  ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਨੂੰ ਯੂਨਿਟ ਕਾਸਟ ਦੀ 40% ਅਤੇ ਐਸ.ਸੀ./ਐਸ.ਟੀ./ ਔਰਤਾਂ ਨੂੰ ਯੂਨਿਟ ਕਾਸਟ ਦੀ 60% ਸਬਸਿਡੀ ਪ੍ਰਵਾਨ ਕੀਤੀ ਜਾਵੇਗੀ। ਵਿਚਾਰ ਚਰਚਾ ਕਰਨ ਉਪਰੰਤ ਕਮੇਟੀ ਵੱਲੋਂ ਇਹ ਐਕਸ਼ਨ ਪਲਾਨ ਪ੍ਰਵਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ) ਲੁਧਿਆਣਾ ਵਲੋਂ ਵਿਭਾਗ ਦੁਆਰਾ ਕੀਤੇ ਗਏ ਕਾਰਜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਗਤੀਵਿਧੀਆ ਅਤੇ ਸਕੀਮਾਂ ਬਾਰੇ ਕਾਸ਼ਤਕਾਰਾਂ ਨੂੰ ਜਾਣੂੰ ਕਰਵਾਇਆ ਜਾਵੇ ਤਾਂ ਜੋ ਉਹ ਇਨ੍ਹਾਂ ਸਕੀਮਾਂ ਦਾ ਲਾਹਾ ਲੈ ਸਕਣ। ਅਖੀਰ ਵਿੱਚ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ ਵੱਲੋਂ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ।