ਚਾਈਨਾ ਡੋਰ ਕਾਰਨ 4 ਸਾਲਾਂ ਬੱਚਾ ਬੁਰੀ ਤਰ੍ਹਾਂ ਹੋਇਆ ਜਖ਼ਮੀ, 120 ਟਾਂਕੇ ਲੱਗੇ

ਲੁਧਿਆਣਾ, 15 ਜਨਵਰੀ : ਸਮਰਾਲਾ ਨੇੜੇ ਇੱਕ ਬੱਚਾ ਪਲਾਸਟਿਕ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬੱਚਾ ਆਪਣੇ ਪਰਿਵਾਰ ਨਾਲ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਸਨੇ ਪਤੰਗ ਨੂੰ ਦੇਖਕੇ ਆਪਣਾ ਸਿਰ ਕਾਰ ਦੀ ਤਾਕੀ ਵਾਲੇ ਸੀਸੇ ’ਚੋ ਬਾਹਰ ਕੱਢਿਆ ਤਾਂ ਉਹ ਪਤੰਗ ਦੀ ਡੋਰ ਵਿੱਚ ਫਸ ਗਿਆ, ਜਿਸ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਤੇ ਚਿਹਰਾ ਖੂਨ ਨਾਲ ਲਥਪਥ ਹੋ ਗਿਆ। ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਡੀਐਮਸੀ ਲਈ ਰੈਫਰ ਕਰ ਦਿੱਤਾ। ਬੱਚੇ ਦੇ ਚਿਹਰੇ 'ਤੇ 120 ਟਾਂਕੇ ਲੱਗੇ ਹਨ ਅਤੇ ਚਿਹਰੇ ਦੀ ਇੱਕ ਹੋਰ ਸਰਜਰੀ ਕੀਤੀ ਜਾਣੀ ਹੈ। ਬੱਚੇ ਦਾ ਨਾਂ ਹਰਜੀਤ ਸਿੰਘ ਹੈ ਅਤੇ ਉਸ ਦੀ ਉਮਰ 4 ਸਾਲ ਹੈ। ਉਹ ਨਰਸਰੀ ਕਲਾਸ ਦਾ ਵਿਦਿਆਰਥੀ ਹੈ। ਹਰਜੋਤ ਸਿੰਘ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਮੱਥਾ ਟੇਕਣ ਗਿਆ ਸੀ। ਘਰ ਵਾਪਸ ਆਉਂਦੇ ਸਮੇਂ ਜਦੋਂ ਉਹ ਨੀਲੋ ਨਹਿਰ ਦੇ ਪੁਲ ਨੇੜੇ ਟੋਲ ਬੈਰੀਅਰ ਪਾਰ ਕਰ ਰਹੇ ਸਨ ਤਾਂ ਉਸ ਦੇ ਲੜਕੇ ਨੇ ਪਤੰਗ ਦੇਖਣ ਲਈ ਕਾਰ ਦੀ ਖਿੜਕੀ ਵਿੱਚੋਂ ਸਿਰ ਬਾਹਰ ਕੱਢ ਲਿਆ। ਅਚਾਨਕ ਉਸ ਦੇ ਚਿਹਰੇ 'ਤੇ ਪਲਾਸਟਿਕ ਦੀ ਡੋਰ ਉਲਝ ਗਈ। ਪਤੰਗ ਦੀ ਡੋਰ ਤੋਂ ਉਸ ਦੇ ਚਿਹਰੇ 'ਤੇ ਕੱਟ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਉਸ ਨੇ ਸੜਕ ਦੇ ਕਿਨਾਰੇ ਕਾਰ ਰੋਕ ਦਿੱਤੀ। ਸਾਰਿਆਂ ਨੇ ਕਾਫੀ ਕੋਸ਼ਿਸ਼ ਤੋਂ ਬਾਅਦ ਤਾਰ ਨੂੰ ਚਿਹਰੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਤਾਰ ਸਾਰੇ ਚਿਹਰੇ 'ਤੇ ਲਪੇਟੀ ਹੋਈ ਸੀ। ਉਸ ਨੂੰ ਚੰਡੀਗੜ੍ਹ ਰੋਡ ’ਤੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡੀ.ਐਸ.ਪੀ ਵਰਿਆਮ ਸਿੰਘ ਨੇ ਦੱਸਿਆ ਕਿ ਪਲਾਸਟਿਕ ਡੋਰ ਵੇਚਣ ਦੇ ਦੋਸ਼ 'ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪੁਲਿਸ ਹਾਈਵੇਅ ਨੇੜੇ ਪਾਬੰਦੀਸ਼ੁਦਾ ਡੋਰ ਨਾਲ ਪਤੰਗ ਉਡਾਉਣ ਵਾਲੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰੇਗੀ।