384ਵੇਂ ਦਿਨ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਦਿੱਤਾ ਥਾਣੇ ਮੂਹਰੇ ਧਰਨਾ 

ਜਗਰਾਉਂ 10 ਅਪ੍ਰੈਲ (ਰਛਪਾਲ ਸਿੰਘ ਸ਼ੇਰਪੁਰੀ)  ਸਥਾਨਕ ਥਾਣਾ ਸਿਟੀ ਦੇ ਆਪੂ ਬਣੇ ਰਹੇ ਥਾਣਾਮੁਖੀ ਗੁਰਿੰਦਰ ਬੱਲ ਤੇ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਵਲੋਂ ਪਿੰਡ ਰਸੂਲਪੁਰ ਦੀਆਂ ਮਾਂ-ਧੀ ਅਤੇ ਭਰਾ-ਭਰਜਾਈ ਨੂੰ ਨਜਾਇਜ਼ ਹਿਰਾਸਤ ਵਿੱਚ ਥਾਣੇ ਰੱਖ ਕੇ ਘੋਰ ਤਸ਼ੱਦਦ ਕਰਨ ਦੇ ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਹਤ ਪਰਿਵਾਰ ਨੂੰ ਮੁਆਵਜ਼ਾ ਦੇਣ ਸਬੰਧੀ ਇੱਕ ਸਾਲ ਤੋਂ ਥਾਣੇ ਮੂਹਰੇ ਲੱਗੇ ਪੱਕੇ ਮੋਰਚੇ ਵਿੱਚ ਸ਼ਾਮਿਲ ਹੋ ਕੇ ਪੁਲਿਸ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ ਅਤੇ ਪੀੜ੍ਹਤ ਪਰਿਵਾਰ ਲਈ ਨਿਆਂ ਦੀ ਮੰਗ ਕੀਤੀ ਗਈ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜੱਗਾ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ ਹੁਣ ਤਾਂ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨਵੀਂ ਦਿੱਲੀ ਨੇ ਵੀ ਆਪਣੇ ਹੁਕਮਾਂ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਨੂੰ ਜੱਗ-ਜ਼ਾਹਰ ਕਰ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਦੋਸ਼ੀਆਂ ਨੇ ਸਾਲ 2005 ਨੂੰ ਮਾਤਾ ਸੁਰਿੰਦਰ ਕੌਰ ਅਤੇ ਕੁਲਵੰਤ ਕੌਰ ਨੂੰ ਨਜਾਇਜ਼ ਹਿਰਾਸਤ 'ਚ ਰੱਖ ਕੇ ਨਾਂ ਸਿਰਫ਼ ਕੁੱਟਮਾਰ ਕੀਤੀ ਸਗੋਂ ਕੁਲਵੰਤ ਕੌਰ ਨੂੰ ਕਰੰਟ ਵੀ ਲਗਾਇਆ ਸੀ। ਉਨ੍ਹਾਂ ਦੱਸਿਆ ਇਸ ਅੱਤਿਆਚਾਰ ਨੂੰ ਲਕੋਣ ਲਈ ਕੁਲਵੰਤ ਕੌਰ ਦੇ ਚਚੇਰੇ ਭਰਾ-ਭਰਜਾਈ ਨੂੰ ਵੀ ਸਾਲ 2005 ਵਿੱਚ ਹੀ ਨਜਾਇਜ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕੀਤਾ ਸੀ ਅਤੇ ਫਿਰ ਸਾਜਿਸ਼ ਰਚ ਕੇ ਝੂਠੇ ਕੇਸਾਂ ਵਿੱਚ ਫਸਾ ਕੇ ਜ਼ੇਲ ਭੇਜ ਦਿੱਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕਰੰਟ ਲਗਾਉਣ ਨਾਲ ਨਕਾਰਾ ਹੋਈ ਕੁਲਵੰਤ ਕੌਰ ਲੰਘੀ 10 ਦਸੰਬਰ 2021 ਨੂੰ ਰੱਬ ਨੂੰ ਪਿਆਰੀ ਹੋ ਗਈ ਸੀ ਅਤੇ ਕੁਲਵੰਤ ਕੌਰ ਦੀ ਮੌਤ ਦੇ ਦੂਜੇ ਦਿਨ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ ਪਰ ਗੈਰ ਜ਼ਮਾਨਤੀ ਧਰਾਵਾਂ ਦੇ ਬਾਵਜੂਦ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਮੂਹ ਇਨਸਾਫ਼ ਪਸੰਦ ਲੋਕਾਂ ਆਗੂਆਂ ਦਾ ਦਿ੍ੜ ਫੈਸਲਾ ਹੈ ਕਿ ਉਹ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਹਤ ਪਰਿਵਾਰ ਨੂੰ ਨਿਆਂ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ।