259ਵੇਂ ਦਿਨ ਧਰਨੇ 'ਚ ਬੀਕੇਯੂ(ਉਗਰਾਹਾ) ਲਵਾਈ ਹਾਜ਼ਰੀ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ ) : ਮੁਕੱਦਮੇ 'ਚ ਨਾਮਜ਼ਦ ਦੋਸ਼ੀ ਆਪੂ ਬਣੇ ਤੱਤਕਾਲੀ ਐਸ.ਐਚ.ਓ./ਐਸ.ਆਈ ਗੁਰਿੰਦਰ ਬੱਲ ਹੁਣ ਡੀ ਐਸ ਪੀ, ਤੱਤਕਾਲੀ ਏ.ਐਸ.ਆਈ. ਰਾਜਵੀਰ ਸਿੰਘ ਤੇ ਹਰਜੀਤ ਸਰਪੰਚ ਦੀ ਦਰਜ ਮੁਕੱਦਮੇ 'ਚ ਗ੍ਰਿਫਤਾਰੀ ਨਾਂ ਕਰਨ ਵਿਰੁੱਧ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਲਗਾਏ ਅਣਮਿਥੇ ਸਮੇਂ ਦੇ ਧਰਨੇ ਦੇ 259ਵੇਂ ਦਿਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਜਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਨੂਰਪੁਰਾ, ਧੰਨਾ ਸਿੰਘ, ਠਾਕਰ ਸਿੰਘ, ਮਨਜੀਤ ਸਿੰਘ ਤੇ ਲਖਵਿੰਦਰ ਸਿੰਘ ਨੇ ਹਾਜ਼ਰੀ ਲਵਾਈ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਲਗਾਤਾਰ ਚੱਲ ਰਿਹਾ ਕਿਰਤੀ ਲੋਕਾਂ ਦਾ ਇਹ ਧਰਨਾ ਪੰਜਾਬ ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਧਰਨਾਕਾਰੀਆਂ ਦਾ ਵਫਦ ਅੱਜ  ਅੈਸਅੈਸਪੀ ਹਰਜੀਤ ਸਿੰਘ ਨੂੰ ਮਿਲਿਆ ਤੇ ਪੀੜ੍ਹਤ ਨੂੰ ਨਿਆਂ ਦੇਣ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਨੇੜਲੇ ਪਿੰਡ ਰਸੂਲਪੁਰ ਦੀਆਂ ਅਨੁਸੂਚਿਤ ਜਾਤੀ ਨਾਲ ਸਬੰਧਤ ਮਾਂ-ਧੀ ਨੂੰ ਨਜ਼ਾਇਜ ਹਿਰਾਸਤ 'ਚ ਰੱਖਣ ਅਤੇ ਤੀਜੇ ਦਰਜੇ ਤਸੀਹੇ ਦੇਣ ਦੇ ਮਾਮਲੇ ਸਬੰਧੀ ਪੀੜ੍ਹਤ ਲੜਕੀ ਕੁਲਵੰਤ ਕੌਰ ਦੀ ਮੌਤ ਤੋਂ ਦੂਜੇ ਦਿਨ ਦਰਜ ਕੀਤੇ ਮੁਕੱਦਮੇ ਦੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਏ.ਆਈ.ਜੀ./ਕਰਾਈਮ ਵਲੋਂ ਤਫਤੀਸ਼ ਵੀ ਕੀਤੀ ਜਾ ਚੁੱਕੀ ਹੈ ਪਰ ਤਫਤੀਸ਼ ਰਿਪੋਰਟ "ਆਊਟ" ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਅਧਿਕਾਰੀ ਮੁਕੱਦਮੇ ਨੂੰ ਰੱਦ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ। 23 ਮਾਰਚ ਤੋਂ ਚੱਲ ਰਹੇ ਇਸ ਧਰਨੇ ਵਿੱਚ ਇੱਕ ਧਰਨਾਕਾਰੀ ਦੀ ਮੌਤ ਵੀ ਹੋ ਚੁੱਕੀ ਹੈ। ਪੀੜ੍ਹਤ ਮਾਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਜੂਨ ਨਾਲ ਲਿਖ ਕੇ ਖਤ ਵੀ ਭੇਜ ਚੁੱਕੀ ਹੈ। ਧਰਨਾਕਾਰੀ ਪਰਿਵਾਰ ਦੇ ਦੋ ਮੈਂਬਰ ਹੱਸਪਤਾਲ ਦਾਖਲ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ) ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਬਲਦੇਵ ਸਿੰਘ ਫੌਜੀ, ਕੁੱਲ ਹਿੰਦ ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ ਤੇ ਬੂਟਾ ਸਿੰਘ ਹਾਂਸ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਮੋਹਣ ਸਿੰਘ ਬੰਗਸੀਪੁਰਾ ਨੇ ਕਿਹਾ ਕਿ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਅਤੇ ਪੀੜ੍ਹਤ ਪਰਿਵਾਰ ਨੂੰ ਨਿਆਂ ਮਿਲਣ ਤੱਕ ਅਣਮਿਥੇ ਸਮੇਂ ਦਾ ਇਹ ਧਰਨਾ ਨਿਰਵਿਗਨ ਜਾਰੀ ਰਹੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ, ਬਲਾਕ ਪ੍ਰਧਾਨ ਗੁਰਚਰਨ ਸਿੰਘ,  ਪ੍ਰਧਾਨ ਸਾਧੂ ਸਿੰਘ ਅੱਚਰਵਾਲ ਨੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਸਬੰਧੀ ਤਿੱਖੀ ਨੋਕਜੋਕ ਕੀਤੀ ਅਤੇ ਗੈਰ-ਜਮਾਨਤੀ ਧਰਾਵਾਂ ਦੇ ਉਕਤ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਪੁਰਜ਼ੋਰ ਮੰਗ ਜਿਲ੍ਹਾ ਪੁਲਿਸ ਮੁਖੀ ਤੋਂ ਕੀਤੀ। ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਦਹਾਕਿਆਂ ਬੱਧੀ ਲੜਾਈ ਲੜਣ ਦੇ ਬਾਵਜੂਦ ਵੀ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣਾ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਦੇਸ਼ ਵਿੱਚ ਨਿਆਂ ਪ੍ਰਣਾਲੀ ਬੁਰੀ ਤਰ੍ਹਾਂ ਫੇਲ਼ ਹੋ ਚੁੱਕੀ ਹੈ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਅਾਗੂ ਮਦਨ ਜਗਰਾਉਂ ਤੇ ਬਲਦੇਵ ਸਿੰਘ ਫੌਜ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਝੰਡਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਸਿਆਸੀ ਲੀਡਰ, ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ਼ ਸਤਾ ਹਾਸਲ ਕਰਨ ਤੱਕ ਹੀ ਸੀਮਤ ਰਹਿੰਦੇ ਹਨ ਤੇ ਆਮ ਲੋਕਾਂ ਦੇ ਦੁੱਖ-ਦਰਦ ਤੋਂ ਦੂਰ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਪੀੜ੍ਹਤ ਪਰਿਵਾਰ 2005 ਤੋਂ ਹੀ ਪੁਲਿਸ ਦੇ ਅੱਤਿਆਚਾਰਾਂ ਖਿਲਾਫ਼ ਅਤੇ ਇਨਸਾਫ਼ ਪ੍ਰਾਪਤੀ ਦੀ ਲੜ੍ਹਾਈ ਲੜ੍ਹ ਰਿਹਾ ਹੈ। ਏਟਕ ਆਗੂ ਜਗਦੀਸ਼ ਸਿੰਘ ਕ‍ਾਉਂਕੇ ਨੇ ਵੀ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।