ਪੇਂਡੂ ਸਵੈ- ਰੋਜ਼ਗਾਰ ਸਿਖਲਾਈ ਸੰਸਥਾ ਚਹਿਲ ਵਿਖੇ 25 ਨੌਜਵਾਨਾਂ ਨੂੰ ਮੋਬਾਇਲ ਰਿਪੇਅਰ ਕੋਰਸ ਦੇ ਸਾਰਟੀਫਿਕੇਟ ਦਿੱਤੇ

ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਤਹਿਤ ਜ਼ਿਲਾ ਫਰੀਦਕੋਟ ਅਧੀਨ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਕੇਂਦਰ,ਓਟ ਸੈਂਟਰ ਅਤੇ ਪੁਨਰਵਾਸ ਕੇਂਦਰ ਵਿਖੇ ਨਸ਼ਾ ਪੀੜ੍ਹਤਾਂ ਦਾ ਮੁਫਤ ਇਲਾਜ ਅਤੇ ਹੋਰ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਨਸ਼ਾਂ ਪੀੜ੍ਹਤਾਂ ਨੂੰ ਇਲਾਜ ਦੇ ਦੌਰਾਨ ਪੰਜਾਬ ਐਂਡ ਸਿੰਧ ਬੈਂਕ ਦੀ ਪੇਂਡੂ ਰੋਜ਼ਗਾਰ ਸਿਖਲਾਈ ਸੰਸਥਾ ਚਹਿਲ ਦੇ ਸ਼ਾਨਦਾਰ ਉਪਰਾਲੇ ਤਹਿਤ ਕਿੱਤਾ ਮੁਖੀ ਕੋਰਸ ਵੀ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਨਸ਼ਾ ਛੱਡਣ ਤੋਂ ਬਾਅਦ ਨੌਜਵਾਨਾਂ ਦਾ ਸਹੀ ਢੰਗ ਨਾਲ ਮੁੜ-ਵਸੇਵਾਂ ਹੋ ਸਕੇ,ਉਹ ਸਵੈ-ਰੋਜ਼ਗਾਰ ਸਥਾਪਿਤ ਕਰਨ ਅਤੇ ਆਪਣੇ ਪਰਿਵਾਰ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ।ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਪੇਂਡੂ ਸਵੈ- ਰੋਜ਼ਗਾਰ ਸਿਖਲਾਈ ਸੰਸਥਾ ਚਹਿਲ ਵਿਖੇ ਨਸ਼ਾ ਛੱਡ ਚੁੱਕੇ 25 ਨੌਜਵਾਨਾਂ ਨੂੰ ਮੋਬਾਇਲ ਰਿਪੇਅਰ ਕੋਰਸ ਦੇ ਸਾਰਟੀਫਿਕੇਟ  ਤਕਸੀਮ ਕਰਨ ਮੌਕੇ ਪ੍ਰਗਟ ਕੀਤੇ।ਜਿਕਰਯੋਗ ਹੈ ਕਿ ਸਿਖਲਾਈ ਸੰਸਥਾਂ ਚਹਿਲ ਵੱਲੋਂ ਡਰੱਗ-ਡੀ-ਅਡਿਕਸ਼ਨ ਤਹਿਤ ਨਸ਼ਾ ਪੀੜ੍ਹਤਾਂ ,ਜਿੰਨ੍ਹਾ ਨੇ ਇਲਾਜ ਦੌਰਾਨ ਮੋਬਾਇਲ ਰਿਪੇਅਰ ਤੇ ਸਰਵਿਸ ਦਾ ਇੱਕ ਮਹੀਨੇ ਦਾ ਕੋਰਸ ਸਫਲਤਾ ਪੂਰਵਕ ਮੁਕੰਮਲ ਕੀਤਾ ਹੈ ਉਨ੍ਹਾਂ ਨੌਜਵਾਨਾਂ ਨੂੰ ਸਨਮਾਨਿਤ ਕਰਨ ਲਈ ਸਿਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਨੋਜਵਾਨਾ ਨੂੰ ਰੋਜ਼ਗਾਰ  ਦੇ ਕਾਬਲ ਬਨਾਉਣ ਲਈ ਕਿੱਤਾ ਮੁਖੀ ਕੋਰਸ ਬਹੁਤ ਹੀ ਲਾਹੇਵੰਦ ਹਨ।ਉਨ੍ਹਾਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਬੈਂਕ ਤੋਂ ਲੋਨ ਲੈਣ,ਸਵੈ-ਰੋਜ਼ਗਾਰ ਸ਼ੁਰੂ ਕਰਨ,ਤੰਦਰੁਸਤ ਜੀਵਨ ਜਿਉਣ ਅਤੇ ਸੁਨਿਹਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਕੁਲਦੀਪ ਸਿੰਘ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੇ ਮੁੱਖ ਮਹਿਮਾਨ ਡਾ.ਰੂਹੀ ਦੁੱਗ,ਸਿਹਤ ਅਧਿਕਾਰੀਆਂ ਅਤੇ ਸਿਖਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਬੈਂਕ ਦੁਆਰਾ ਦਿੱਤੀਆਂ ਜਾ ਰਹੀਆਂ ਲੋਨ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਸਿਹਤ ਵਿਭਾਗ ਦੇ ਅਧਿਕਾਰੀਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ.ਧੀਰਾ ਗੁਪਤਾ,ਸੀਨੀਅਰ ਮੈਡੀਕਲ ਅਫਸਰ ਡਾ.ਚੰਦਰ ਸ਼ੇਖਰ ਕੱਕੜ,ਮੈਡੀਕਲ ਅਫਸਰ ਡਾ.ਮਨਪ੍ਰੀਤ ਕੌਰ,ਨੋਡਲ ਅਫਸਰ ਆਈ.ਈ.ਸੀ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ,ਮੈਨੇਜਰ ਆਗਿਆਪਾਲ ਸਿੰਘ ਅਤੇ ਕੌਂਸਲਰ ਗੁਰਸਾਹਿਬ ਸਿੰਘ ਨੇ ਡਿਪਟੀ ਕਮਿਸ਼ਨਰ ਪਾਸੋਂ ਨਸ਼ਾ ਅਤੇ ਤੰਬਾਕੂ ਵਿਰੋਧੀ ਜਾਗਰੂਕਤਾ ਸਮੱਗਰੀ ਜਾਰੀ ਕਰਵਾਈ ਅਤੇ ਜ਼ਿਲ੍ਹੇ ਨੂੰ ਜਲਦ ਤੋਂ ਜਲਦ ਨਸ਼ਾ ਮੁਕਤ ਕਰਨ ਸਬੰਧੀ ਵਿਚਾਰ-ਚਰਚਾ ਵੀ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਵੱਲੋਂ ਸਿਖਲਾਈ ਸੰਸਥਾ ਵਿਖੇ  ਪੌਦਾ ਵੀ ਲਗਾਇਆ ਗਿਆ।ਸਿਖਲਾਈ ਸੰਸਥਾ ਦੇ ਡਾਇਰੈਕਟਰ ਕੇ.ਐਲ.ਗਾਂਧੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਿਖਲਾਈ ਮੁਕੰਮਲ ਕਰਨ ਵਾਲੇ ਨੌਜਵਾਨਾਂ ਨੂੰ ਦੂਸਰਿਆਂ ਲਈ ਪ੍ਰੇਰਨਾ ਸ੍ਰੋਤ ਬਣਨ ਦੀ ਅਪੀਲ ਵੀ ਕੀਤੀ।