ਵਿਧਾਇਕ ਗਰੇਵਾਲ ਵੱਲੋਂ ਤਾਜਪੁਰ ਰੋਡ ਵਿਖੇ 225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ ਦੇ ਨਿਰਮਾਣ ਕਾਰਜ਼ਾਂ ਦੀ ਸਮੀਖਿਆ

ਲੁਧਿਆਣਾ, 28 ਜਨਵਰੀ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਸਥਾਨਕ ਤਾਜਪੁਰ ਰੋਡ ਵਿਖੇ 225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦੇ ਨਿਰਮਾਣ ਕਾਰਜਾਂ ਦਾ ਨੀਰੀਖਣ ਕੀਤਾ। ਇਹ ਐਸ.ਟੀ.ਪੀ. 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢਾ ਨਾਲਾ ਕਾਇਆ ਕਲਪ ਪ੍ਰੋਜੈਕਟ ਦਾ ਹੀ ਹਿੱਸਾ ਹੈ। ਇਸ ਮੌਕੇ ਵਿਧਾਇਕ ਭੋਲਾ ਗਰੇਵਾਲ ਦੇ ਨਾਲ ਸੀਵਰੇਜ਼ ਬੋਰਡ ਦੇ ਸੀ.ਈ.ਓ. ਮਾਲਵਿੰਦਰ ਸਿੰਘ ਜੱਗੀ ਵੀ ਮੌਜੂਦ ਸਨ। ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਦੱਸਿਆ ਕਿ 02 ਫਰਵਰੀ, 2023 ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 315 ਕਰੋੜ ਰੁਪਏ ਦੀ ਲਾਗਤ ਵਾਲੇ 225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨਗੇ। ਵਿਧਾਇਕ ਭੋਲਾ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਲਈ ਇਹ ਖੁਸ਼ਖਬਰੀ ਵਾਲੀ ਗੱਲ ਹੈ ਕਿ ਤਾਜਪੁਰ ਰੋਡ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸੁਰੂਆਤ ਨਾਲ ਜਿੱਥੇ ਹਲਕਾ ਪੂਰਬੀ ਦੇ ਲੋਕਾਂ ਨੂੰ ਸੀਵਰੇਜ ਜਾਮ ਦੀ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ ਉਥੇ ਇਹ 225 ਐਮ.ਐਲ.ਡੀ. ਪਲਾਂਟ ਬੁੱਢੇ ਨਾਲੇ ਦੀ ਸਫਾਈ ਅਤੇ ਨਵੀਨੀਕਰਨ ਲਈ ਵੱਡੇ ਪੱਧਰ 'ਤੇ ਯੋਗਦਾਨ ਪਾਏਗਾ. ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਬੁੱਢਾ ਨਾਲਾ ਸਾਫ ਪਾਣੀ ਅਤੇ ਕਿਨਾਰਿਆਂ ਦੇ ਸੁੰਦਰੀਕਰਨ ਨਾਲ ਇਕ ਸਾਫ਼-ਸੁਥਰੀ ਦਿੱਖ ਪੇਸ਼ ਕਰੇਗਾ। ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਬਦਲਣ ਦਾ ਪ੍ਰਣ ਕਰਦਿਆਂ, ਵਿਧਾਇਕ ਗਰੇਵਾਲ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਉਨ੍ਹਾਂ ਦੇ ਪ੍ਰਮੁੱਖ ਪੋਜੈਕਟਾਂ ਵਿੱਚ ਸ਼ਾਮਲ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰੋਜੈਕਟ ਨਾਲ ਜੁੜੇ ਕੰਮ ਪਾਰਦਰਸ਼ੀ ਢੰਗ ਨਾਲ ਪੂਰੇ ਕੀਤੇ ਜਾਣਗੇ ਅਤੇ ਇਸ ਪ੍ਰਾਜੈਕਟ ਲਈ ਇਸਤੇਮਾਲ ਹੋਣ ਵਾਲੇ ਜਨਤਕ ਫੰਡਾਂ ਦੇ ਇਕ-ਇੱਕ ਪੈਸੇ ਦੀ ਕਿਸੇ ਵੀ ਕੀਮਤ 'ਤੇ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਰੁਚੀ ਲੈਣ ਲਈ ਵੀ ਧੰਨਵਾਦ ਕੀਤਾ. ਉਨ੍ਹਾਂ ਕਿਹਾ ਸੂਬੇ ਵਿੱਚ ਆਮ ਆਦਮ ਪਾਰਟੀ ਸਰਕਾਰ ਲੋਕਾਂ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।