ਰਾਜਿੰਦਰਾ ਹਸਪਤਾਲ 'ਚ ਸਹੂਲਤਾਂ ਦੇ ਵਾਧੇ ਲਈ 196.81 ਕਰੋੜ ਜਾਰੀ : ਮੁੱਖ ਮੰਤਰੀ ਮਾਨ

ਪਟਿਆਲਾ, 30 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਐਮਰਜੈਂਸੀ ਵਾਰਡ ਵਿੱਚ ਪਹੁੰਚ ਕੇ ਵਧੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਐਮਰਜੈਂਸੀ 50 ਬੈੱਡਾਂ ਦੀ ਥਾਂ 100 ਬੈੱਡਾਂ ਦੀ ਹੋ ਗਈ ਹੈ। ਆਈਸੀਯੂ ਦੇ 17 ਬੈੱਡ ਬਣਾਏ ਗਏ ਹਨ। ਪਹਿਲਾਂ ਓਟੀ ਨਾਲ ਕੋਈ ਐਮਰਜੈਂਸੀ ਨਹੀਂ ਜੁੜੀ ਸੀ ਪਰ ਹੁਣ ਇਨ੍ਹਾਂ ਦੀ ਗਿਣਤੀ 4 ਹੈ। ਇਸ ਤੋਂ ਇਲਾਵਾ 10 ਸਰਜੀਕਲ ਬੈੱਡ ਬਣਾਏ ਗਏ ਹਨ। ਏਅਰ ਕੰਡੀਸ਼ਨ ਅਤੇ ਆਕਸੀਜਨ ਦਾ ਅਧੂਰਾ ਕੰਮ ਵੀ ਪੂਰਾ ਹੋ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਾਲਵੇ ਦਾ ਪੂਰਾ ਹਿੱਸਾ ਇੱਥੋਂ ਤੱਕ ਕਿ ਸ੍ਰੀਗੰਗਾਨਗਰ, ਬਠਿੰਡਾ, ਸੰਗਰੂਰ ਤੋਂ ਰੈਫਰ ਕੀਤੇ ਗਏ ਮਰੀਜ਼ ਵੀ ਪਟਿਆਲਾ ਰਜਿੰਦਰਾ ਹਸਪਤਾਲ ‘ਤੇ ਨਿਰਭਰ ਹਨ। ਪਰ ਜ਼ਿਆਦਾਤਰ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਤੋਂ ਵੀ ਪੀ.ਜੀ.ਆਈ. ਰੈਫਰ ਕੀਤਾ ਜਾਂਦਾ ਹੈ। ਇਸ ਕਾਰਨ ਹਸਪਤਾਲ ਵਿੱਚ ਟਰੌਮਾ ਸੈਂਟਰ ਬਣਾਉਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਪੰਜਾਬ ਸਰਕਾਰ ਨੇ ਟਰੌਮਾ ਸੈਂਟਰ ਦੀ ਉਸਾਰੀ ਲਈ 68 ਕਰੋੜ 74 ਲੱਖ ਰੁਪਏ ਮਨਜ਼ੂਰ ਕੀਤੇ ਹਨ। ਇਸ ਨਾਲ ਸਮੇਂ ਸਿਰ ਮਰੀਜ਼ ਦੀ ਜਾਨ ਬਚ ਜਾਵੇਗੀ। ਸੀ.ਐੱਮ. ਮਾਨ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਵਿੱਚ ਸਪੋਰਟਸ ਹਾਲ ਲਈ 5.5 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਫੈਕਲਟੀ ਲਈ ਬਹੁ-ਮੰਜ਼ਲੀ ਮਕਾਨ ਲਈ 15.58 ਲੱਖ, ਡਾਕਟਰਾਂ ਲਈ ਬਹੁ-ਮੰਜ਼ਿਲਾ ਘਰ ਲਈ 17.67 ਕਰੋੜ ਰੁਪਏ, ਜੂਨੀਅਰ ਰੈਜ਼ੀਡੈਂਟ ਹੋਸਟਲ ਲਈ 13.52 ਕਰੋੜ ਰੁਪਏ ਅਤੇ ਇੰਦਰਾ ਹਸਪਤਾਲ ਦੇ ਕਲਾਸ-3 ਅਤੇ ਕਲਾਸ-4 ਦੇ ਕਰਮਚਾਰੀਆਂ ਲਈ ਬਹੁ-ਮੰਜ਼ਲੀ ਮਕਾਨਾਂ ਲਈ 76.32 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ। ਇਸ ਤੋਂ ਇਲਾਵਾ ਕੈਦੀਆਂ ਲਈ ਵੱਖਰੇ ਵਾਰਡ ਦੀ ਉਸਾਰੀ ਲਈ 23 ਲੱਖ ਰੁਪਏ ਰਾਖਵੇਂ ਰੱਖਣ ਸਣੇ ਕੁੱਲ 196.81 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।