14 ਨੂੰ ਚੌਕੀਮਾਨ ਟੋਲ ਤੋਂ ਜਗਰਾਉਂ ਨੂੰ ਹੋਵੇਗਾ ਵੱਡਾ ਕਾਫ਼ਲਾ ਰਵਾਨਾ 

  • ਕਣਕ ਸਮੇਤ ਸਮੂਹ ਫਸਲਾਂ ਦੇ ਪੂਰੇ ਰਕਬੇ 'ਤੇ ਪੂਰਾ ਮੁਆਵਜ਼ੇ ਦੀ ਜ਼ੋਰਦਾਰ ਮੰਗ 

ਮੁੱਲਾਂਪੁਰ ਦਾਖਾ 11 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਸਵੱਦੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ l ਜਿਸ ਵਿਚ ਵੱਖ ਵੱਖ  ਮਹੱਤਵਪੂਰਨ ਮੁੱਦਿਆਂ 'ਤੇ ਗੰਭੀਰ, ਭਰਵੀਂ ਤੇ ਡੂੰਘੀ ਵਿਚਾਰ ਚਰਚਾ ਕਰਨ ਉਪਰੰਤ ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ l ਪਹਿਲੇ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਨਰਿੰਦਰ ਮੋਦੀ ਹਕੂਮਤ ਡਿਬਰੂਗੜ(ਆਸਾਮ)ਸਮੇਤ ਕਾਲੇ ਕਾਨੂੰਨ - ਐਨ.ਐਸ.ਏ ਤਹਿਤ ਜੇਲ੍ਹੀਂ ਡੱਕੇ ਨੋਜਵਾਨ ਸਮੇਤ ਸਮੂਹ ਬੇਦੋਸ਼ੇ ਫੜੇ ਨੌਜਵਾਨ ਤੇ ਹੋਰ ਪ੍ਰਵਾਰਜਨਾਂ ਅਤੇ ਬੰਦੀ ਸਿੰਘਾਂ ਸਮੇਤ ਸਮੂਹ ਸਿਆਸੀ ਕੈਦੀਆ ਨੂੰ ਫੌਰੀ ਬਿਨਾਂ ਸ਼ਰਤ ਰਿਹਾਅ ਕਰਕੇ, ਨਿਆਂ ਵਾਲਾ ਰਾਜ ਯਕੀਨੀ ਬਣਾਏ ਅਤੇ ਜਮਹੂਰੀ ਹੱਕਾਂ ਦੀ ਬਹਾਲੀ ਵਾਲਾ ਮਾਹੌਲ ਲਾਜ਼ਮੀ ਸਿਰਜੇl ਦੂਜੇ ਮਤੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਜੋਰਦਾਰ ਮੰਗ ਕੀਤੀ ਗਈ ਕਿ ਉਹ ਆਪਣੇ ਵੱਲੋਂ 26 ਮਾਰਚ ਨੂੰ ਧੂਰੀ (ਸੰਗਰੂਰ)ਇਲਾਕੇ 'ਚ ਕੀਤੇ ਵਾਅਦੇ ਅਨੁਸਾਰ ਕਣਕ ਸਮੇਤ ਹਾੜ੍ਹੀ ਦੀਆਂ ਕੁੱਲ ਫ਼ਸਲਾਂ - ਆਲੂ, ਸਬਜ਼ੀਆਂ, ਪਦੀਨਾ ,ਹਰਾ ਚਾਰਾ, ਨਵੀ ਬੀਜੀ ਅਤੇ ਉਗੀ ਮੂੰਗੀ ਅਤੇ ਮੱਕੀ ਦੇ ਖਰਾਬੇ ਉਪਰ ਪੂਰਾ ਪੂਰਾ ਮੁਆਵਜ਼ਾ ਤੁਰੰਤ ਮੁਹੱਈਆ ਕਰਵਾਵੇ l ਜੱਥੇਬੰਦੀ ਨੇ ਪੰਜਾਬ ਸਰਕਾਰ ਦੇ ਉੱਚ ਪੱਧਰੀ ਅਧਿਕਾਰੀਆਂ ਤੇ ਸਤਾਧਾਰੀ ਆਗੂਆਂ ਦੇ ਬਿਆਨਾਂ ਅਨੁਸਾਰ ਕੇਵਲ ਕਣਕ ਦੀ ਫਸਲ ਉਪਰ, ਉਹ ਵੀ ਕੇਵਲ 5 ਕਿਲੇ ਤੱਕ ਖਰਾਬੇ ਦਾ ਮੁਆਵਜ਼ਾ ਸੀਮਤ ਕੀਤੇ ਜਾਣ ਦੀ ਸਖ਼ਤ ਤੋਂ ਸਖ਼ਤ ਸਬਦਾਂ ਵਿਚ ਜ਼ੋਰਦਾਰ ਨਿਖੇਧੀ ਕਰਦਿਆਂ ਇਹਨਾਂ ਬਿਆਨਾਂ ਨੂੰ ਫੌਰੀ ਰੱਦ ਕਰਨ ਅਤੇ ਮੁੱਖ ਮੰਤਰੀ ਵਾਲਾ ਪਹਿਲਾ ਐਲਾਨ ਲਾਗੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ l ਮੁੱਖ ਮੰਤਰੀ ਦੇ ਐਲਾਨ ਤੋਂ ਭੱਜਣ ਦੀ ਸੂਰਤ ਵਿਚ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਤੁਰੰਤ ਜ਼ੋਰਦਾਰ ਸਾਂਝਾ ਸੰਘਰਸ਼ ਵਿੰਡ ਦੇਣਗੀਆਂ, ਜਿਸਦੀ ਜੁਮੇਵਾਰੀ ਪੰਜਾਬ ਸਰਕਾਰ ਸਿਰ ਹੋਵੇਗੀ l ਤੀਜੇ ਮਤੇ ਰਾਹੀਂ ਵਰਣਨ ਕੀਤਾ ਕਿ ਚੌਕੀਮਾਨ ਟੋਲ ਤੋਂ 14 ਅਪ੍ਰੈਲ ਵਿਸਾਖੀ ਵਾਲੇ ਦਿਨ ਜੱਥੇਬੰਦੀ ਦਾ ਵੱਡਾ ਕਾਫ਼ਲਾ ਠੀਕ 11 ਵਜ਼ੇ ਪੱਕਾ ਧਰਨਾ ਸਿਟੀ ਥਾਣਾ (ਰਾਏਕੋਟ ਰੋਡ) ਜਗਰਾਉਂ ਨੂੰ ਰਵਾਨਾ ਹੋਵੇਗਾ l ਅੱਜ ਦੀ ਮੀਟਿੰਗ ਨੂੰ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਮੁੱਖ ਸਲਾਹਕਾਰ  ਮਨਮੋਹਨ ਸਿੰਘ ਪੰਡੋਰੀ ਤੇ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਨੇ ਸੰਬੋਧਨ ਕੀਤਾ ਮੀਟਿੰਗ 'ਚ ਅਵਤਾਰ ਸਿੰਘ ਤਾਰ, ਜਸਵੰਤ ਸਿੰਘ ਮਾਨ, ਸੁਰਜੀਤ ਸਿੰਘ ਸਵੱਦੀ, ਤੇਜਿੰਦਰ ਸਿੰਘ ਬਿਰਕ, ਵਿਜੈ ਕੁਮਾਰ ਪੰਡੋਰੀ, ਬਲਵੀਰ ਸਿੰਘ ਪੰਡੋਰੀ, ਅਮਰ ਸਿੰਘ ਖੰਜਰਵਾਲ, ਅਮਰਜੀਤ ਸਿੰਘ, ਡਾ. ਗੁਰਮੇਲ ਸਿੰਘ ਕੁਲਾਰ, ਸਾਬਕਾ ਥਾਣੇਦਾਰ ਬਲਵੰਤ ਸਿੰਘ ਢੱਟ, ਜੱਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ ਵਿਸੇਸ਼ ਤੌਰ ਤੇ ਹਾਜ਼ਰ ਹੋਏ l