8 ਕਰੋੜ ਰੁਪਏ ਨਾਲ ਸਰਦ ਖਾਨਾ ਦੇ 1300 ਵਰਗ ਮੀਟਰ ਖੇਤਰ ਦੀ ਹੋਵੇਗੀ ਸਾਂਭ ਸੰਭਾਲ ਤੇ ਬਹਾਲੀ : ਅਨਮੋਲ ਗਗਨ ਮਾਨ

  • ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੀ ਮੌਜੂਦਗੀ ‘ਚ ਕਿਲ੍ਹਾ ਮੁਬਾਰਕ ਵਿਖੇ ਸਰਦ ਖਾਨਾ ਦੀ ਪੁਨਰ ਸੁਰਜੀਤੀ ਦੇ ਕੰਮ ਦਾ ਰੱਖਿਆ ਨੀਂਹ ਪੱਥਰ
  • ਦਰਬਾਰ ਹਾਲ, ਮੇਨ ਗੇਟ ਤੇ ਰਨਬਾਸ ਦੀ ਲਾਈਟਿੰਗ ਦਾ ਵੀ ਕੀਤਾ ਉਦਘਾਟਨ
  • ਕਿਹਾ, ਸੂਬੇ ਨੂੰ ਸੈਰ ਸਪਾਟੇ ਦਾ ਕੇਂਦਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸਰਕਾਰ ਯਤਨਸ਼ੀਲ
  • ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਸੂਬਾ ਸੈਰ ਸਪਾਟੇ ਦੇ ਕੇਂਦਰ ਪਖੋਂ ਅਣਗੌਲਿਆ ਰਿਹਾ

ਪਟਿਆਲਾ, 14 ਮਾਰਚ : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਕਿਲ੍ਹਾ ਮੁਬਾਰਕ ਵਿਖੇ ਸਰਦ ਖਾਨਾ ਦੀ ਸਾਂਭ ਸੰਭਾਲ ਤੇ ਪੁਨਰ ਸੁਰਜੀਤੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਅਤੇ ਦਰਬਾਰ ਹਾਲ ਦੀ ਲਾਈਟਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਮੰਤਰੀ ਡਾ ਬਲਬੀਰ ਸਿੰਘ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਰਦ ਖਾਨਾ ਦੀ ਪੁਨਰ ਸੁਰਜੀਤੀ ‘ਤੇ 8 ਕਰੋੜ 15 ਲੱਖ ਰੁਪਏ ਦਾ ਖਰਚ ਆਵੇਗਾ, ਜਿਸ ਵਿੱਚ 1300 ਵਰਗ ਮੀਟਰ ਦੇ ਖੇਤਰ ਦੀ ਰੀਸਟੋਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੀਬ 8 ਕਰੋੜ ਰੁਪਏ ਨਾਲ ਕਿਲ੍ਹਾ ਮੁਬਾਰਕ ਦੀ ਲਾਈਟਿੰਗ ਕੀਤੀ ਗਈ ਹੈ, ਜਿਸ ਵਿੱਚ ਦਰਬਾਰ ਹਾਲ, ਕਿਲ੍ਹੇ ਦਾ ਮੁੱਖ ਗੇਟ, ਕਿਲ੍ਹਾ ਅੰਦਰੂਨ ਤੇ ਰਨਬਾਸ ਦੇ ਸਾਹਮਣੇ ਦੇ ਹਿੱਸੇ ਦੀ ਲਾਈਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਇਮਾਰਤ ਦੀ ਫਸਾਡ ਲਾਈਟਿੰਗ ਦਾ ਮਕਸਦ ਦੁਨੀਆਂ ਭਰ ਤੋਂ ਆਉਣ ਵਾਲੇ ਸੈਲਾਨੀਆਂ ਲਈ ਇਸ ਨੂੰ ਆਕਰਸ਼ਣ ਦਾ ਕੇਂਦਰ ਬਣਾਉਣਾ ਹੈ। ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਸੈਰ ਸਪਾਟਾ ਸਨਅਤ ਪ੍ਰਤੀ ਉਦਾਸੀਨਤਾ ਭਰੀ ਨੀਤੀ ਕਾਰਨ ਇਸ ਖੇਤਰ ਵਿੱਚ ਕੰਮ ਨਹੀਂ ਹੋਇਆ, ਜਿਸ ਕਾਰਨ ਜਿਥੇ ਸੂਬੇ ਨੂੰ ਇਸ ਸਨਅਤ ਤੋਂ ਹੋਣ ਵਾਲੀ ਆਮਦਨ ਦਾ ਨੁਕਸਾਨ ਹੋਇਆ ਹੈ, ਉਥੇ ਹੀ ਅਸੀਂ ਆਪਣੀਆਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਵੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਅੰਦਰ ਸੈਰ ਸਪਾਟਾ ਸਨਅਤ ਨੂੰ ਵਿਕਸਤ ਕਰਨ ਲਈ ਪਹਿਲੇ ਦਿਨ ਤੋਂ ਹੀ ਕੰਮ ਕੀਤਾ ਗਿਆ ਹੈ ਤੇ ਪਹਿਲੀ ਵਾਰ ਸੂਬੇ ਅੰਦਰ ਟੂਰਿਜ਼ਮ ਸਮਿੱਟ ਵੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2024-25 ਦੇ ਬਜਟ ਵਿੱਚ 166 ਕਰੋੜ ਰੁਪਏ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਲਈ ਰੱਖੇ ਗਏ ਹਨ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅਨਮੋਲ ਗਗਨ ਮਾਨ ਵਲੋੰ ਪਟਿਆਲਾ ਦੇ ਕਿਲਾ ਮੁਬਾਰਕ ਵਿਖੇ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਸੈਰ ਸਪਾਟਾ ਸਨਅਤ ਨੂੰ ਵਧਾਵਾ ਦੇਣ ਲਈ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸੂਬਾ ਸਰਕਾਰ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਪ੍ਰਚਾਰਨ ਦੇ ਖੇਤਰ ਵੱਲ ਲਗਾਤਾਰ ਕੰਮ ਕਰ ਰਹੀ ਹੈ। ਸਮਾਰੋਹ ਦੌਰਾਨ ਡਾਇਰੈਕਟਰ ਨੀਰੂ ਕਟਿਆਲ, ਕਰਨਲ ਜੇਵੀ, ਵਧੀਕ ਡਾਇਰੈਕਟਰ ਰਾਕੇਸ਼ ਕੁਮਾਰ, ਜੁਆਇੰਟ ਡਾਇਰੈਕਟਰ ਦਮਪ੍ਰੀਤ ਸਿੰਘ ਵਾਲੀਆ, ਐਸ.ਈ ਭੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।