ਦਰਦਨਾਕ ਸੜਕ ਹਾਦਸੇ 'ਚ ਭਾਰਤੀ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਦੀ ਮੌਤ, ਬੇਟਾ ਤੇ ਡਰਾਈਵਰ ਜ਼ਖ਼ਮੀ

ਗੁਰਦਾਸਪੁਰ, 21 ਸਤੰਬਰ : ਧਾਰੀਵਾਲ ਨੇੜੇ ਚੌਧਰਪੁਰਾ ਬਾਈਪਾਸ ਤੇ ਇੱਕ ਸੜਕ ਦੁਰਘਟਨਾ ਵਿੱਚ ਭਾਰਤੀ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਉਸਦਾ ਸੱਤ ਸਾਲਾਂ ਪੁੱਤਰ ਅਤੇ ਗੱਡੀ ਦਾ ਡਰਾਈਵਰ ਜ਼ਖਮੀ। ਜਾਣਕਾਰੀ ਅਨੁਸਾਰ ਆਰਮੀ ਦੀ ਏ ਐਸ ਸੀ  ਬਟਾਲੀਅਨ ਦੀ ਸਪਲਾਈ ਕੋਰ ਵਿੱਚ ਮੇਜਰ ਦੇ ਅਹੁਦੇ ਤੇ ਪਠਾਨਕੋਟ ਵਿਖੇ ਤੈਨਾਤ ਮਹਿਲਾ ਅਧਿਕਾਰੀ੍ ਚਿਤਰਾ ਪਾੰਡੇ ਉਮਰ 33 ਸਾਲ ਪਤਨੀ ਆਦਰਸ਼ ਪਾਂਡੇ ਜੋ ਲਖਨਊ ਦੀ ਰਹਿਣ ਵਾਲੀ ਸੀ ਆਪਣੇ ਬੇਟੇ ਨਾਲ ਇੱਕ ਪ੍ਰਾਈਵੇਟ ਗੱਡੀ ਕਿਰਾਏ ਤੇ ਲੈ ਕੇ ਪਠਾਨਕੋਟ ਤੋਂ ਅੰਮ੍ਰਿਤਸਰ ਏਅਰਪੋਰਟ ਵੱਲ ਨੂੰ ਜਾ ਰਹੇ ਸੀ। ਉਹ ਛੁੱਟੀ ਲੈ ਕੇ ਆਪਣੇ ਘਰ ਜਾ ਰਹੀ ਸੀ। ਜਦੋਂ ਉਹ ਧਾਰੀਵਾਲ ਨੇਡ਼ੇ ਚੌਧਰਪੂਰਾ ਬਾਈਪਾਸ ਤੇ ਪਹੁੰਚੇ ਤਾਂ ਕਾਰ ਅਚਾਨਕ ਅੱਗੇ ਜਾ ਰਹੇ ਇਕ ਟੱਰਕ ਵਿੱਚ ਜਾ ਵੱਜੀ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿੱਚ ਬੈਠੀ ਮੇਜਰ ਚਿਤਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਹਨਾਂ ਦਾ ਸੱਤ ਸਾਲਾਂ ਪੁੱਤਰ ਅਰਚਿਤ ਅਤੇ ਕਾਰ ਡਰਾਈਵਰ ਪੰਕਜ ਵਾਸੀ ਪਠਾਨਕੋਟ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਦਕਿ ਟ੍ਰਕ ਡਰਾਈਵਰ ਤੁਰੰਤ ਮੌਕੇ ਤੋਂ ਟ੍ਰਕ ਸਮੇਤ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੋਵਾਂ ਜਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਗੁਰਦਾਸਪੁਰ ਇਲਾਜ ਲਈ ਪਹੁੰਚਾਇਆ ਗਿਆ ਜਦਕਿ  ਮ੍ਰਿਤਕਾ ਮਹਿਲਾ ਸੈਨਾ ਅਧਿਕਾਰੀ ਦੀ ਲਾਸ਼ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਸੈਨਾ ਦੇ ਅਧਿਕਾਰੀ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚ ਗਏ ਅਤੇ ਦੁਰਘਟਨਾ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ। ਉੱਥੇ ਹੀ ਜਾਣਕਾਰੀ ਦਿੰਦਿਆਂ ਐਸ ਐਚ ਓ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਕੀ ਇੰਚਾਰਜ ਰਮੇਸ਼ ਕੁਮਾਰ ਨੇ ਫੋਨ ਤੇ ਸੂਚਨਾ ਦਿੱਤੀ ਕਿ ਸੈਨਾ ਦੀ ਇੱਕ ਅਧਿਕਾਰੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਮੌਕੇ ਤੇ ਚੌਧਰ ਪੂਰਾ ਬਾਈਪਾਸ ਪਹੁੰਚੇ ਤਾਂ ਮਹਿਲਾ ਅਧਿਕਾਰੀ ਦੀ ਮੌਤ ਹੋ ਚੁੱਕੀ ਸੀ। ਜਦ ਕਿ ਉਹਨਾਂ ਦਾ ਬੇਟਾ ਤੇ ਗੱਡੀ ਦਾ ਡਰਾਇਵਰ ਜ਼ਖਮੀ ਹਾਲਤ ਵਿੱਚ ਸਨ ਜਿਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਹੀ ਇਲਾਜ ਲਈ ਪਹੁੰਚਾਇਆ ਗਿਆ। ਕਾਰ ਜਿਸ ਟਰੱਕ ਵਿੱਚ ਵੱਜੀ ਸੀ, ਉਸਦਾ ਡਰਾਈਵਰ ਟਰੱਕ ਸਮੇਤ ਦੌੜਨ ਵਿੱਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।