ਗੁਰਦਾਸਪੁਰ, 26 ਦਸੰਬਰ : ਸਥਾਨਕ ਸ਼ਹਿਰ ਤੋਂ ਹਰਦੋਸ਼ਨੀਆਂ ਨੂੰ ਜਾਂਦੀ ਸੜਕ ਤੇ ਇੱਕ ਟਿੱਪਰ ਅਤੇ ਈ-ਰਿਕਸ਼ਾ ਵਿਚਕਾਰ ਹੋਈ ਭਿਆਨਕ ਟੱਕਰ ‘ਚ ਇੱਕ ਔਰਤ ਅਤੇ ਮਾਸੂਮ ਬੱਚੀ ਦੀ ਮੌਤ ਅਤੇ ਇੱਕ ਬੱਚੇ ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ। ਹਾਦਸੇ ਦੀ ਸੂਚਨਾਂ ਮਿਲਣ ਤੇ ਪੁੱਜੀ ਪੁਲਿਸ ਨੇ ਜਖ਼ਮੀ ਬੱਚੇ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਅਤੇ ਟਿੱਪਰ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਦਿੱਤੀ ਗਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਆਪਣੇ ਦੋਵੇਂ ਬੱਚਿਆਂ ਨਾਲ ਹਰਦੋ ਛੰਨੀ ਬਾਈਪਾਸ ਤੇ ਈ ਰਿਕਸ਼ਾ ਵਿੱਚ ਉੱਤਰ ਰਹੀ ਸੀ ਕਿ ਦੂਜੇ ਪਾਸੇ ਤੋਂ ਤੇਜ਼ ਰਫਤਾਰ ਆਏ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਇੱਕ ਔਰਤ ਲਵਲੀ ਅਤੇ ਉਸਦੀ ਚਾਰ ਸਾਲਾ ਬੱਚੀ ਸਾਹਿਨਾਜ਼ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਬੇਟਾ ਗੰਭੀਰ ਜਖਮੀ ਹੋ ਗਿਆ। ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਘਰ ਜਾ ਰਹੀ ਸੀ, ਕਿ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਟਿੱਪਰ ਚਾਲਕ ਤੇ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਇਸ ਸਬੰਧੀ ਥਾਣਾ ਸਦਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿੱਪਰ ਚਾਲਕ ਨੂੰ ਗ੍ਰਿਫਤਾਰ ਕਰਕੇ ਟਿੱਪਰ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਕਤ ਕਥਿਤ ਦੋਸ਼ੀ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।