ਪ੍ਰਿੰਸੀਪਲਾਂ ਨੂੰ ਸਿੰਗਾਪੁਰ ਲਈ ਮਾਨ ਸਰਕਾਰ ਅੰਮ੍ਰਿਤਸਰ ਏਅਰਪੋਰਟ ਤੋਂ ਕਿਉਂ ਨਹੀਂ ਭੇਜਦੀ? 

  • ਹਵਾਈ ਅੱਡੇ ਤੋਂ ਅੰਮ੍ਰਿਤਸਰ ਸ਼ਹਿਰ ਅਤੇ ਸੂਬੇ ਦੇ ਹੋਰਨਾਂ ਸ਼ਹਿਰਾਂ ਲਈ ਸਮਰਪਿਤ ਬੱਸ ਸੇਵਾ ਦੀ ਵੀ ਕੀਤੀ ਮੰਗ 

ਅੰਮ੍ਰਿਤਸਰ, 17 ਅਕਤੂਬਰ : ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸਾਂਝੇ ਤੌਰ ਇਸ ਗੱਲ ਤੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਮਾਨ ਸਰਕਾਰ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਲਈ ਅੰਮ੍ਰਿਤਸਰ ਏਅਰਪੋਰਟ ਤੋਂ ਭੇਜਣ ਦੀ ਥਾਂ ਦਿੱਲੀ ਦੇ ਏਅਰਪੋਰਟ ਤੋਂ ਰਵਾਨਾ ਕਰ ਰਹੀ ਹੈ। ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਨੰਤਦੀਪ ਸਿੰਘ ਢਿੱਲੋਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਵਿਦੇਸ਼ ਵੱਸਦਾ ਪੰਜਾਬੀ ਭਾਈਚਾਰਾ, ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਇਹ ਮਸਲੇ ਵੱਲ ਗੌਰ ਕਰੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਖਲਾਈ ਲਈ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਵੱਖ-ਵੱਖ ਵਫਦਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਸਿੰਗਾਪੁਰ ਭੇਜਿਆ ਜਾ ਰਿਹਾ ਹੈ ਜੱਦ ਕਿ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੰਗਾਪੁਰ ਏਅਰਲਾਈਨ ਦੀ ਸਕੂਟ ਏਅਰ ਵਲੋਂ ਹਫਤੇ ਵਿੱਚ 5 ਦਿਨ ਸਿੰਗਾਪੁਰ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਅਧਿਆਪਕਾਂ ਨੂੰ ਸਿੰਗਾਪੁਰ ਭੇਜਣ ਲਈ ਪਹਿਲਾਂ ਬੱਸਾਂ ਰਾਹੀਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਭੇਜਿਆ ਜਾਂਦਾ ਹੈ, ਜੇਕਰ ਉਹਨਾਂ ਨੂੰ ਸੂਬੇ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਭੇਜਿਆ ਜਾਵੇ ਤਾਂ ਉਹਨਾਂ ਦੀ ਖੱਜਲ-ਖੁਆਰੀ ਵੀ ਘੱਟ ਹੋਵੇਗੀ ਅਤੇ ਖਰਚਾ ਵੀ ਘੱਟ ਆਵੇਗਾ। ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਸਿੱਧੀ ਉਡਾਣ ਮਈ 2016 ਵਿੱਚ ਸ਼ੁਰ੍ਹ ਹੋਈ ਸੀ ਅਤੇ ਸਕੂਟ ਵਲੋਂ ਇਹਨਾਂ ਉਡਾਣਾਂ ਲਈ ਆਪਣੇ 300 ਤੋਂ ਵੱਧ ਸੀਟਾਂ ਵਾਲੇ ਬੋਇੰਗ ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਸਿੰਗਾਪੁਰ ਰਾਹੀਂ ਇਹ ਉਡਾਣ ਯਾਤਰੀਆਂ ਨੂੰ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨਾਲ ਵੀ ਜੋੜਦੀ ਹੈ। ਇਸ ਸਾਲ ਜਨਵਰੀ ਤੋਂ ਜੂਨ ਤੱਕ, ਸਿਰਫ 6 ਮਹੀਨਿਆਂ ਵਿੱਚ ਹੀ ਇਹਨਾਂ ਉਡਾਣਾਂ ਰਾਹੀਂ 75,000 ਤੋਂ ਵੱਧ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਹੈ। ਇਹੀ ਨਹੀਂ ਇਨੀਸ਼ੀਏਟਿਵ ਅਤੇ ਵਿਕਾਸ ਮੰਚ ਵਲੋਂ ਹਵਾਈ ਅੱਡੇ ਤੋਂ ਅੰਮ੍ਰਿਤਸਰ ਸ਼ਹਿਰ ਅਤੇ ਸੂਬੇ ਦੇ ਹੋਰਨਾਂ ਸ਼ਹਿਰਾਂ ਲਈ ਸਮਰਪਿਤ ਬੱਸ ਸੇਵਾ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਵੱਲ ਵੀ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪ੍ਰਵਾਸੀ ਪੰਜਾਬੀਆਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਹਵਾਈ ਅੱਡੇ ਤੋਂ ਇਸ ਸਮੇਂ ਹਰ ਹਫਤੇ 400 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਹਰ ਮਹੀਨੇ ਢਾਈ ਲੱਖ ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀ ਇਹਨਾਂ ਉਡਾਣਾਂ ‘ਤੇ ਆ ਜਾ ਰਹੇ ਹਨ। ਅੰਮ੍ਰਿਤਸਰ ਦੇ ਜੰਮਪਲ ਅਤੇ ਹੁਣ ਅਮਰੀਕਾ ਅਤੇ ਕੈਨੇਡਾ ਵੱਸਦੇ ਪ੍ਰਵਾਸੀ ਪੰਜਾਬੀ ਗੁਮਟਾਲਾ ਅਤੇ ਢਿੱਲੋਂ ਨੇ ਕਿਹਾ ਕਿ ਕਿ ਅਸੀਂ ਅੰਮ੍ਰਿਤਸਰ ਏਅਰਪੋਰਟ, ਸ਼ਹਿਰ ਅਤੇ ਸੂਬੇ ਦੇ ਵਿਕਾਸ ਲਈ ਅਣਥੱਕ ਯਤਨ ਕਰਦੇ ਆ ਰਹੇ ਹਾਂ, ਅਤੇ ਸਰਕਾਰ ਵਲੋਂ ਪਿੰ੍ਰਸੀਪਲਾਂ ਨੂੰ ਵਿਦੇਸ਼ ਭੇਜਣ ਲਈ ਵਾਰ-ਵਾਰ ਦਿੱਲੀ ਹਵਾਈ ਅੱਡੇ ਦੀ ਵਰਤੋਂ ਕਰਨ ਦਾ ਫੈਸਲਾ ਸਾਡੇ ਯਤਨਾਂ ਨੂੰ ਵੀ ਕਮਜ਼ੋਰ ਕਰਦਾ ਹੈ। ਗੁਮਟਾਲਾ ਨੇ ਕਿਹਾ, “ਅੰਮ੍ਰਿਤਸਰ ਬਹੁਤ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਵਾਲਾ ਸ਼ਹਿਰ ਹੈ। ਅੰਮ੍ਰਿਤਸਰ ਹਵਾਈ ਅੱਡੇ ਨੂੰ ਅੰਮ੍ਰਿਤਸਰ ਸ਼ਹਿਰ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਨਾਲ ਜੋੜਨ ਵਾਲੀ ਬੱਸ ਸੇਵਾ ਦੀ ਅਣਹੋਂਦ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ 'ਤੇ ਆਉਣ ਵਾਲੇ ਲੱਖਾਂ ਸੈਲਾਨੀਆਂ ਅਤੇ ਯਾਤਰੀਆਂ ਨੂੰ ਅਕਸਰ ਸ਼ਹਿਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਅੰਮ੍ਰਿਤਸਰ ਵਿੱਚ ਕਈ ਮਹੀਨਿਆਂ ਤੋਂ ਸਥਾਨਕ ਬੀ.ਆਰ.ਟੀ.ਐਸ. ਸੇਵਾਵਾਂ ਨੂੰ ਮੁਅੱਤਲ ਕਰਨ ਨਾਲ ਸਿਰਫ ਸਥਾਨਕ ਵਸਨੀਕਾਂ ਨੂੰ ਹੀ ਨਹੀਂ ਬਲਕਿ ਬਾਹਰੋਂ ਆਏ ਰਹੇ ਸੈਲਾਨੀਆਂ ਨੂੰ ਵੀ ਭਾਰੀ ਅਸੁਵਿਧਾ ਹੋ ਰਹੀ ਹੈ।”