ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਸ਼ਹਾਦਤ ’ਤੇ ਸਾਨੂੰ ਹਮੇਸ਼ਾਂ ਮਾਣ ਰਹੇਗਾ : ਲਾਲ ਚੰਦ ਕਟਾਰੂਚੱਕ 

  • ਜੋਸ਼ ਉਤਸਵ ਦੌਰਾਨ ਕਾਰਗਿਲ ਸ਼ਹੀਦ ਸੂਬੇਦਾਰ ਦੀ ਧਰਮ ਪਤਨੀ ਮਨਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ

ਗੁਰਦਾਸਪੁਰ, 29 ਅਕਤੂਬਰ : ਸਰਦਾਰ ਹਰੀ ਸਿੰਘ ਨਲੂਆ ਨੂੰ ਸਪਰਪਿਤ ਗੁਰਦਾਸਪੁਰ ਵਿਖੇ ਚੱਲ ਰਹੇ ਜੋਸ਼ ਉਤਸਵ ਦੇ ਦੂਜੇ ਦਿਨ ਭਾਰਤੀ ਫ਼ੌਜ ਦੇ ਬਹਾਦਰ ਜਵਾਨ ਸ਼ਹੀਦ ਸੂਬੇਦਾਰ ਨਿਰਮਲ ਸਿੰਘ, ਵੀਰ ਚੱਕਰ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸ਼ਹੀਦ ਪਰਿਵਾਰ ਸੇਵਾ ਸੰਮਤੀ ਦੇ ਪ੍ਰਧਾਨ ਕੁੰਵਰ ਵਿੱਕੀ ਵੱਲੋਂ ਕਾਰਗਿਲ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੇ ਜੀਵਨ ਅਤੇ ਉਸਦੀ ਸ਼ਹਾਦਤ ਬਾਰੇ ਵੀਰ ਗਾਥਾ ਨੂੰ ਸੁਣਾਇਆ ਗਿਆ। ਸਟੇਡੀਅਮ ਵਿੱਚ ਮੌਜੂਦ ਹਾਜ਼ਰੀਨ ਨੇ ਜਦੋਂ ਕਾਰਗਿਲ ਜੰਗ ਅਤੇ ਸ਼ਹੀਦ ਨਿਰਮਲ ਸਿੰਘ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਸੁਣਿਆ ਤਾਂ ਸਾਰਿਆਂ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਗਿਆ। ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ ਨੂੰ ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਪੂਰੇ ਦੇਸ਼ ਨੂੰ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਬਹਾਦਰੀ ਉੱਪਰ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰਾਂ ਦੇ ਨਾਲ ਹੈ ਅਤੇ ਇਨ੍ਹਾਂ ਪਰਿਵਾਰਾਂ ਦੇ ਮਾਣ ਸਤਿਕਾਰ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਸ਼ਹਾਦਤ ਤੋਂ ਹਮੇਸ਼ਾਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ, ਵਿਜੇ ਤ੍ਰੇਹਨ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਪ੍ਰੋ ਰਾਜ ਕੁਮਾਰ ਸ਼ਰਮਾਂ ਵੀ ਮੌਜੂਦ ਸਨ।

ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਇੱਕ ਡਾਕੂਮੈਂਟਰੀ ਵੀ ਦਿਖਾਈ ਜਾਵੇਗੀ।
ਪੰਜਾਬ ਸਰਕਾਰ ਵੱਲੋਂ ਸਰਦਾਰ ਹਰੀ ਸਿੰਘ ਨਲੂਆ ਦੀ ਯਾਦ ਵਿੱਚ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਜੋਸ਼ ਫੈਸੀਟਵਲ ਦਾ ਅੱਜ ਸਮਾਪਤੀ ਸਮਾਰੋਹ ਹੋ ਰਿਹਾ ਹੈ। ਫੈਸਟੀਵਲ ਦੌਰਾਨ ਲੱਗੇ ਕਰਾਫ਼ਟ ਬਜ਼ਾਰ ਅਤੇ ਫੂਡ ਕੋਰਟ ਰਾਤ 10:30 ਵਜੇ ਤੱਕ ਖੁੱਲ੍ਹੇ ਰਹਿਣਗੇ। ਇਨ੍ਹਾਂ ਸਟਾਲਾਂ ਤੋਂ ਆਪਣੀ ਪਸੰਦੀਦਾ ਖ਼ਰੀਦਦਾਰੀ ਕਰਨ ਤੋਂ ਇਲਾਵਾ ਫੂਡ ਕੋਰਟ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਦੀ ਪਕਵਾਨਾਂ ਦਾ ਜਾਇਕਾ ਵੀ ਲਿਆ ਜਾ ਸਕਦਾ ਹੈ। ਸਟੇਜ ਦੀ ਸ਼ੁਰੂਆਤ ਬਾਅਦ ਦੁਪਹਿਰ 3:00 ਵਜੇ ਸ਼ੁਰੂ ਹੋਵੇਗੀ ਜਿਸ ਵਿੱਚ ਗਿੱਧੇ, ਭੰਗੜੇ ਤੋਂ ਇਲਾਵਾ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ `ਸ਼ਹੀਦ-ਏ-ਆਜ਼ਮ` ਭਗਤ ਸਿੰਘ` ਦੀ ਪੇਸ਼ਕਾਰੀ ਕੀਤੀ ਜਾਵੇਗੀ। ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਇੱਕ ਡਾਕੂਮੈਂਟਰੀ ਵੀ ਦਿਖਾਈ ਜਾਵੇਗੀ। ਸ਼ਾਮ ਨੂੰ ਪ੍ਰਸਿੱਧ ਲੋਕ ਗਾਇਕ ਹਰਭਜਨ ਸ਼ੇਰਾ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮੰਨੋਰੰਜ਼ਨ ਕਰਨਗੇ। ਅੱਜ ਜੋਸ਼ ਫੈਸਟੀਵਲ ਦੌਰਾਨ ਕ੍ਰਿਕਟ ਪ੍ਰੇਮੀਆਂ ਲਈ ਵੱਡੀਆਂ ਸਕਰੀਨਾਂ ਉੱਪਰ ਭਾਰਤ-ਇੰਗਲੈਂਡ ਦਾ ਮੈਚ ਵੀ ਨਾਲ ਦੀ ਨਾਲ ਲਾਈਵ ਦਿਖਾਇਆ ਜਾਵੇਗਾ।ਅੱਜ ਜੋਸ਼ ਫੈਸਟੀਵਲ ਦਾ ਆਖ਼ਰੀ ਦਿਨ ਬਹੁਤ ਖ਼ਾਸ ਹੋਣ ਵਾਲਾ ਹੈ। ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਜੋਸ਼ ਫੈਸਟੀਵਲ ਦੀਆਂ ਰੌਣਕਾਂ ਨੂੰ ਵਧਾਓ। ਜੋਸ਼ ਫੈਸਟੀਵਲ ਵਿੱਚ ਐਂਟਰੀ ਬਿਲਕੁਲ ਮੁਫ਼ਤ ਹੈ।