ਬਟਾਲਾ, 28 ਨਵੰਬਰ : ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਗੁਰਦਾਸਪੁਰ ਨੇ ਦੱਸਿਆ ਕਿ ਤਿੱਬੜੀ ਕੈਂਟ ਵਿਖੇ ਆਰਮੀ ਦੀ ਭਰਤੀ ਰੈਲੀ ਸਮਪਤ ਹੋ ਚੁੱਕੀ ਹੈ ਅਤੇ ਅਗਲੀ ਭਰਤੀ ਦਾ ਨਵਾਂ ਦੌਰ ਜਲਦੀ ਸ਼ੁਰੂ ਹੋ ਰਿਹਾ ਹੈ। ਉਨ੍ਹਾ ਦੱਸਿਆ ਕਿ ਸੈਨਾ, ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਸੀ.ਆਈ.ਐਸ.ਐੱਫ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹਿੱਤ ਅਗਲਾ ਟ੍ਰੇਨਿੰਗ ਕਾਡਰ ਦਫ਼ਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਨੇੜੇ ਗੁਰੂ ਨਾਨਕ ਪਾਰਕ) ਗੁਰਦਾਸਪੁਰ ਵਿਖੇ ਮਿਤੀ 01 ਦਸੰਬਰ 2023 ਤੋਂ ਸੁਰੂ ਹੋ ਰਿਹਾ ਹੈ। ਇਸ ਕਾਡਰ ਵਿੱਚ ਸਾਬਕਾ ਸੈਨਿਕਾਂ/ਉਨ੍ਹਾ ਦੀਆਂ ਵਿਧਵਾਵਾਂ ਦੇ ਬੱਚੇ ਅਤੇ ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨਾਂ ਦੇ ਬੱਚਿਆਂ ਨੂੰ ਭਰਤੀ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਜਿਸ ਵਿੱਚ ਸਰੀਰਿਕ ਫਿਟਨੈਸ ਦੇ ਨਾਲ ਨਾਲ ਲਿਖਤੀ ਪ੍ਰੀਖਿਆ ਦੀ ਵੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਸਾਰੇ ਸਰਟੀਫਿਕੇਟ ਨਾਲ ਲੈ ਕੇ ਦਫ਼ਤਰੀ ਸਮੇਂ ਦੌਰਾਨ ਦਾਖਲਾ ਕਰਵਾ ਸਕਦੇ ਹਨ। ਉਨ੍ਹਾਂ ਸਮੂਹ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਸੈਨਾ ਦੀ ਭਰਤੀ ਇੱਕ ਮੁਫ਼ਤ ਸੇਵਾ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਗਦਾ। ਇਸ ਲਈ ਭਰਤੀ ਏਜੰਟਾਂ ਤੋਂ ਬੱਚ ਕੇ ਰਿਹਾ ਜਾਵੇ ਅਤੇ ਭਰਤੀ ਲਈ ਏਧਰ-ਓਧਰ ਏਜੰਟਾਂ ਪਿਛੇ ਭੱਜਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਭਰਤੀ ਟ੍ਰੇਨਿੰਗ ਲਈ ਇਸ ਦਫ਼ਤਰ ਰਹੀਂ ਵਿਸ਼ੇਸ਼ ੳਪਰਾਲਾ ਕੀਤਾ ਹੋਇਆ ਹੈ, ਜਿਸ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਅਤੇ ਵੱਧ ਤੋਂ ਵੱਧ ਤੋਂ ਬੱਚੇ ਟ੍ਰੇਨਿੰਗ ਪ੍ਰਾਪਤ ਕਰਨ। ਉਨ੍ਹਾਂ ਨੌਜ਼ਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੌਜਵਾਨ ਲੜਕਿਆਂ ਨੂੰ ਨਿਰੋਈ ਖੁਰਾਕ ਦੇਣ ਅਤੇ ਸਰੀਰਕ ਤੌਰ ’ਤੇ ਫਿਟ ਰੱਖਣ, ਆਪਣੇ ਬੱਚਿਆਂ ਨੂੰ ਨਸ਼ਿਆਂ ਵਿੱਚ ਨਾ ਪੈਣ ਦੇਣ ਅਤੇ ਪੜ੍ਹਨ ਲਈ ਉਤਸਾਹਿਤ ਕਰਨ, ਤਾਂ ਜੋ ਉਹ ਸੈਨਾ ਵਿੱਚ ਭਰਤੀ ਹੋ ਸਕਣ ਅਤੇ ਇੱਕ ਸਿਹਤਮੰਦ ਸੈਨਿਕ ਦੇ ਤੌਰ ’ਤੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ।