‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਦੀ ਮਸ਼ਾਲ ਜ਼ਿਲ੍ਹਾ ਗੁਰਦਾਸਪੁਰ ਪਹੁੰਚੀ

  • ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਕੀਤਾ ਭਰਵਾਂ ਸਵਾਗਤ

ਗੁਰਦਾਸਪੁਰ, 22 ਅਗਸਤ 2024 : ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ਦੇ ਦੋ ਸਾਲ ਦੀ ਸਫਲਤਾ ਤੋਂ ਬਾਅਦ ਸੀਜ਼ਨ-3 ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਸ ਵਾਰ ਵੀ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ। ਇਹ ਮਸ਼ਾਲ ਅੱਜ ਸਵੇਰੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਵੇਸ਼ ਕੀਤੀ, ਜਿਸ ਦਾ ਪਿੰਡ ਸ਼ੇਖੁਪੁਰ ਵਿਖੇ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਇਹ ਮਸ਼ਾਲ ਯਾਤਰਾ ਬਟਾਲਾ ਤੋਂ ਬਾਅਦ ਨੌਸ਼ਹਿਰਾ ਮੱਝਾ ਸਿੰਘ, ਧਾਰੀਵਾਲ ਰਾਹੀਂ ਹੁੰਦੀ ਹੋਈ ਦੁਪਹਿਰ ਨੂੰ ਗੁਰਦਾਸਪੁਰ ਸਥਿਤ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿਖੇ ਪਹੁੰਚੀ। ਗੁਰਦਾਸਪੁਰ ਪਹੁੰਚਣ 'ਤੇ ਇਸ ਮਸ਼ਾਲ ਯਾਤਰਾ ਦਾ ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਤਹਿਸੀਲਦਾਰ ਗੁਰਦਾਸਪੁਰ ਸ੍ਰੀ ਸਰਵੇਸ਼ ਰਾਜਨ ਅਤੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰੀ ਖੇਡਾਂ 1 ਸਤੰਬਰ ਤੋਂ 10 ਸਤੰਬਰ ਤੱਕ, ਜ਼ਿਲ੍ਹਾ ਪੱਧਰੀ ਖੇਡਾਂ 15 ਤੋਂ 22 ਸਤੰਬਰ ਤੱਕ ਅਤੇ ਰਾਜ ਪੱਧਰੀ ਖੇਡਾਂ ਤਿੰਨ ਗੇੜਾਂ ਵਿੱਚ ਆਯੋਜਿਤ ਹੋਣਗੀਆਂ, ਜਿੰਨਾ ਦੀ ਤਰੀਕ ਬਾਅਦ ਵਿੱਚ ਘੋਸ਼ਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਇਹ ਮਸ਼ਾਲ ਪੂਰੇ ਪੰਜਾਬ ਵਿੱਚ ਮਾਰਚ ਕਰਨ ਤੋਂ ਬਾਅਦ ਸੰਗਰੂਰ ਵਿਖੇ 28 ਅਗਸਤ ਨੂੰ ਪਹੁੰਚੇਗੀ ਜਿੱਥੇ ਖੇਡਾਂ ਦੇ ਤੀਜੇ ਸੀਜ਼ਨ ਦਾ ਉਦਘਾਟਨ ਹੋਵੇਗਾ। ਇਹ ਮਸ਼ਾਲ ਯਾਤਰਾ ਅੱਜ ਗੁਰਦਾਸਪੁਰ ਜ਼ਿਲ੍ਹੇ ਤੋਂ ਅੱਗੇ ਪਠਾਨਕੋਟ ਜ਼ਿਲ੍ਹੇ ਨੂੰ ਰਵਾਨਾ ਹੋ ਗਈ। ਇਸ ਮੌਕੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੂੰ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਖੇਡਾਂ ਦੇ ਸੁਚਾਰੂ ਪ੍ਰਬੰਧਾਂ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਉਮੀਦ ਜਤਾਈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹਨਾਂ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ।