ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਝਾਖੋਲਾੜੀ ਵਿਖੇ ਸਕੂਲੋਂ ਵਿਰਵੇ ਬੱਚਿਆਂ ਦੀ ਪਛਾਣ ਲਈ ਚਲਾਇਆ ਗਿਆ ਸਰਵੇਖਣ ਅਭਿਆਨ।

  • ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਵੱਲੋਂ 20 ਸਕੂਲੋਂ ਵਿਰਵੇ ਬੱਚਿਆਂ ਨੂੰ ਨੇੜਲੇ ਸਕੂਲ ਵਿੱਚ ਕਰਵਾਇਆ ਗਿਆ ਦਾਖ਼ਲ।
  • ਦੇਸ਼ ਦੇ ਭਵਿੱਖ ਨੂੰ ਸੜਕਾਂ ਤੇ ਨਹੀਂ ਰੁਲਣ ਦਿੱਤਾ ਜਾਵੇਗਾ,  ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਨਿਹਰੀ ਬਣਾਇਆ ਜਾਵੇਗਾ : ਡੀਜੀ ਸਿੰਘ।

ਪਠਾਨਕੋਟ, 23 ਨਵੰਬਰ : ਦੇਸ਼ ਦੇ ਭਵਿੱਖ ਨੂੰ ਸੜਕਾਂ ਤੇ ਨਹੀਂ ਰੁਲਣ ਦਿੱਤਾ ਜਾਵੇਗਾ। ਬੱਚਿਆਂ ਨੂੰ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਨਿਹਰੀ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਝਾਖੋਲਾੜੀ ਵਿਖੇ ਝੁੱਗੀ ਝੌਂਪੜੀਆਂ ਅਤੇ ਸਲੱਮ ਖੇਤਰ ਵਿੱਚ ਰਹਿ ਰਹੇ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇਖਣ ਕਰਨ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਦੀ ਅਗਵਾਈ ਹੇਠ ਸਕੂਲੋਂ ਵਿਰਵੇ ਬੱਚਿਆਂ ਲਈ ਡਰਾਪ ਆਊਟ ਕੇਸਾਂ ਨੂੰ ਖ਼ਤਮ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ 28 ਨਵੰਬਰ ਤੱਕ ਚਲਾਈ ਜਾ ਰਹੀ ਹੈ। ਇਸ ਅਧੀਨ 3 ਤੋਂ 19 ਸਾਲ ਦੇ ਉਨ੍ਹਾਂ ਬੱਚਿਆਂ ਨੂੰ ਦਾਖਲਾ ਕੀਤਾ ਜਾ ਰਿਹਾ ਹੈ ਜੋ ਕਿਸੇ ਕਾਰਨ ਆਪਣੀ ਮੁੱਢਲੀ ਸਿੱਖਿਆ ਪੂਰੀ ਨਹੀਂ ਕਰ ਸਕੇ। ਅੱਜ ਦੇ ਸਰਵੇਖਣ ਦੌਰਾਨ 20 ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨੇੜਲੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਸਮੂਹ ਸਕੂਲੋਂ ਵਿਰਵੇ ਬੱਚਿਆਂ ਨੂੰ ਸਿੱਖਿਆ ਮੁਹਇਆ ਕਰਵਾਈ ਜਾ ਰਹੀ ਹੈ। ਖਾਸ ਕਰਕੇ ਇੱਟਾਂ ਦੇ ਭੱਠਿਆਂ ਤੇ ਕੰਮ ਕਰ ਰਹੇ ਮਜਦੂਰ ਅਤੇ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਵੀ ਲਾਜਮੀ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰ ਇਕ ਬੱਚੇ ਖਾਸ ਕਰਕੇ ਭੱਠਿਆਂ 'ਤੇ ਕੰਮ ਕਰਦੇ ਪਰਿਵਾਰਾਂ ਦੇ ਬੱਚੇ, ਪ੍ਰਵਾਸੀ ਮਜਦੂਰਾਂ ਦੇ ਪਰਿਵਾਰਾਂ ਦੇ ਗਲੀਆਂ ਵਿਚ ਖੇਡਦੇ ਬੱਚੇ ਸਕੂਲੋਂ ਵਿਰਵੇ ਬੱਚੇ, ਭਿਖਾਰੀਆਂ ਦੇ ਬੱਚੇ ਅਤੇ ਘੱਟ ਗਿਣਤੀ ਕਮਿਊਨਟੀ ਦੀਆਂ ਲੜਕੀਆਂ ਨੂੰ ਲਾਜਮੀ ਸਿੱਖਿਆ ਦੇਣ ਲਈ ਸਕੂਲਾਂ ਵਿੱਚ ਦਾਖਲ ਕੀਤਾ ਜਾ ਰਿਹਾ ਹੈ। ਡੀਜੀ ਸਿੰਘ ਨੇ ਅੱਗੇ ਦੱਸਿਆ ਕਿ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲ ਵਿੱਚ ਦੂਜਿਆਂ ਬੱਚਿਆਂ ਦੇ ਪੱਧਰ ਵਿੱਚ ਪਾਏ ਪਾੜੇ ਨੂੰ ਖਤਮ ਕਰਨ ਲਈ ਖਾਸ ਸਿਖਲਾਈ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀਆਂ ਅਤੇ ਲੋਕਲ ਅਧਿਕਾਰੀ ਸਪੈਸ਼ਲ ਟ੍ਰੇਨਿੰਗ ਦੇਣ ਵਾਲੇ ਬੱਚਿਆਂ ਦੀ ਸ਼ਨਾਖਤ ਕਰਨ ਉਪਰੰਤ ਸਪੈਸ਼ਲ ਟ੍ਰੇਨਿੰਗ ਦਿਵਾਉਣ ਲਈ ਯੋਗ ਲੋੜੀਂਦੇ ਪ੍ਰਬੰਧ ਕਰਣਗੇ। ਅਕਾਦਮਿਕ ਅਥਾਰਟੀ ਵਲੋਂ ਉਮਰ ਦੇ ਹਿਸਾਬ ਨਾਲ ਲੋੜੀਂਦਾ ਖਾਸ ਸਿੱਖਿਆ ਮਟੀਰਿਅਲ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਹ ਵੀ ਯਕੀਨੀ ਬਣਾਇਆ ਜਾ ਸਕੇਗਾ ਕਿ ਸ਼ਨਾਖਤ ਕੀਤੇ ਬੱਚੇ ਰੋਜਾਨਾ ਸਕੂਲ ਜਾਣ। ਉਨਾਂ ਅੱਗੇ ਦੱਸਿਆ ਕਿ ਬੱਚਿਆਂ ਨੂੰ ਸਪੈਸ਼ਲ ਟ੍ਰੇਨਿੰਗ ਦੇਣ ਉਪਰੰਤ ਉਨਾਂ ਦੀ ਉਮਰ ਦੇ ਹਿਸਾਬ ਨਾਲ ਉਨਾਂ ਨੂੰ ਕਲਾਸ ਵਿੱਚ ਭੇਜਿਆ ਜਾਵੇਗਾ ਅਤੇ ਅਧਿਆਪਕ ਇਨਾਂ ਬੱਚਿਆਂ ਨੂੰ ਵਿਸ਼ੇਸ਼ ਧਿਆਨ ਦੇਣਗੇ ਤਾਂ ਕਿ ਉਹ ਕਲਾਸ ਵਿੱਚ ਪੜਦੇ ਦੂਜੇ ਬੱਚਿਆਂ ਦੇ ਬਰਾਬਰ ਰਲ ਸਕਣ। ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਅਤੇ ਐਨਜੀਓ ਨੂੰ ਬੇਨਤੀ ਕੀਤੀ ਕਿ ਜੇਕਰ ਉਨ੍ਹਾਂ ਦੀ ਨਜ਼ਰ ਵਿੱਚ 3 ਤੋਂ 19 ਸਾਲ ਤੱਕ ਦਾ ਕੋਈ ਵੀ ਬੱਚਾ ਜ਼ੋ ਸਕੂਲੋਂ ਵਿਰਵਾ ਹੈ ਧਿਆਨ ਵਿੱਚ ਆਉਂਦਾ ਹੈ ਤਾਂ ਉਸਦਾ ਨਜ਼ਦੀਕੀ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾਈਆ ਜਾਵੇ। ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਸੀਐਚਟੀ ਸੁਰਜੀਤ ਕੌਰ, ਤੇਜਿੰਦਰ ਸਿੰਘ, ਪੂਨਮ, ਮੀਨਾ ਰਾਣੀ, ਪੁਨੀਤ ਆਦਿ ਹਾਜ਼ਰ ਸਨ।