ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਦੀ ਨਵੀਂ ਚਾਰਜਸ਼ੀਟ ਵਿੱਚ ਹੈਰਾਨੀਜਨਕ ਖ਼ੁਲਾਸਾ....

ਫ਼ਰੀਦਕੋਟ : 16 ਸਤੰਬਰ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਤਕਰੀਬਨ 8 ਸਾਲਾਂ ਬਾਅਦ ਵਿਸ਼ੇਸ਼ ਜਾਂਚ ਟੀਮ ਦੀ ਨਵੀਂ ਚਾਰਜਸ਼ੀਟ ਵਿੱਚ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆਇਆ ਹੈ। ਰਿਪੋਰਟ 'ਚ ਖ਼ਦਸ਼ਾ ਜਤਾਇਆ ਗਿਆ ਕਿ ਗੋਲੀਕਾਂਡ ਮਾਮਲੇ ਦਾ ਸ਼ਿਕਾਇਤਕਰਤਾ, ਇਸ ਘਟਨਾ 'ਚ ਜ਼ਖਮੀ ਹੋਇਆ ਅਜੀਤ ਸਿੰਘ ਪੁਲਿਸ ਦੀ ਗੋਲੀ ਲੱਗਣ ਕਾਰਨ ਨਹੀਂ ਸਗੋਂ ਸਾਥੀ ਪ੍ਰਦਰਸ਼ਨਕਾਰੀ ਵੱਲੋਂ ਚਲਾਈ ਗੋਲੀ ਕਰਕੇ ਜ਼ਖਮੀ ਹੋਇਆ ਜਾਪਦਾ ਹੈ। ਇਹ ਸਨਸਨੀਖੇਜ਼ ਖ਼ੁਲਾਸਾ ਉਦੋਂ ਹੋਇਆ ਹੈ ਜਦੋਂ ਅੱਜ ਇਸ ਮਾਮਲੇ ਨੂੰ ਲੈ ਕੇ ਫਰੀਦਕੋਟ ਕੋਰਟ ਵਿੱਚ ਇੱਕ ਵੀਡੀਓ ਦਾਖ਼ਲ ਕਰਵਾਈ ਗਈ ਹੈ। ਮਾਮਲੇ 'ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਐਸਐਲਆਰ ਪੁਲਿਸ ਮੁਲਾਜ਼ਮ ਤੋਂ ਖੋਹ ਲੈ ਗਈ ਸੀ, ਉਸੀ ਤੋਂ ਚੱਲੀ ਗੋਲੀ ਕਾਰਨ ਅਜੀਤ ਸਿੰਘ ਨੂੰ ਗੋਲੀ ਲੱਗੀ ਹੋ ਸਕਦੀ ਹੈ, ਜੋ ਉਸਦੇ ਸਾਥੀ ਪ੍ਰਦਰਸ਼ਨਕਾਰੀ ਕੋਲ ਸੀ। ਇਸ ਦਾ ਖ਼ੁਲਾਸਾ ਸਾਹਮਣੇ ਆਈ ਇੱਕ ਨਵੀਂ ਵੀਡੀਓ ਫੁਟੇਜ ਤੋਂ ਹੋਇਆ ਹੈ। ਇਸ ਫੁਟੇਜ ਨੂੰ ਵੀ ਮਾਮਲੇ ਦੀ 22 ਪਨਿਆਂ ਦੀ ਚਾਰਜਸ਼ੀਟ ਨਾਲ ਸੀਡੀ ਦੇ ਕੇ ਅਟੈਚ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਦੋ ਪੁਲਿਸ ਮੁਲਾਮਾਂ ਵੱਲੋਂ ਐਸਐਲਆਰ ਖੋਹਣ ਦਾ ਜ਼ਿਕਰ ਵੀ ਇਸ ਚਾਰਜਸ਼ੀਟ ਵਿੱਚ ਕੀਤਾ ਗਿਆ ਹੈ।  ਏਡੀਜੀਪੀ ਐੱਲ.ਕੇ ਯਾਦਵ ਦੀ ਅਗਵਾਈ ਵਾਲੀ ਸਿਟ ਨੇ ਕੱਲ੍ਹ ਕੋਰਟ ਵਿੱਚ ਇਸ ਮਾਮਲੇ ਸਬੰਧੀ ਚੌਥੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਅੱਜ ਇਸ ਗੱਲ ਦਾ ਵੱਡਾ ਖ਼ੁਲਾਸਾ ਹੋਇਆ ਹੈ।