ਮੂੰਹ `ਤੇ ਕੱਪੜਾ ਪਾ ਕੇ ਜਾਂ ਮੂੰਹ ਨੂੰ ਕਵਰ ਕਰਕੇ ਪੈਦਲ ਚੱਲਣ ਜਾਂ ਵਹੀਕਲ ਚਲਾਉਣ `ਤੇ ਸਖ਼ਤ ਪਾਬੰਦੀ ਲਗਾਈ

ਗੁਰਦਾਸਪੁਰ, 4 ਜੁਲਾਈ : ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਮੂੰਹ `ਤੇ ਕੱਪੜਾ ਪਾ ਕੇ ਜਾਂ ਮੂੰਹ ਨੂੰ ਕਵਰ ਕਰਕੇ ਪੈਦਲ ਚੱਲਣ ਜਾਂ ਵਹੀਕਲ ਚਲਾਉਣ `ਤੇ ਸਖਤ ਪਾਬੰਦੀ ਲਗਾ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਹੁਕਮ ਇੱਕ ਤਰਫਾ ਪਾਸ ਕਰਕੇ ਸਮੂਹ ਜਨਤਾ ਨੂੰ ਸੰਬੋਧਿਤ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਕੋਵਿਡ ਪੀੜਿਤ ਵਿਅਕਤੀਆਂ `ਤੇ ਇਹ ਹੁਕਮ ਲਾਗੂ ਨਹੀਂ ਹੋਣਗੇ ਪਰ ਉਸ ਲਈ ਉਹਨਾਂ ਨੂੰ ਕੋਵਿਡ ਪਾਜਟਿਵ ਟੈਸਟ ਦੀ ਰਿਪੋਰਟ ਨਾਲ ਰੱਖਣੀ ਲਾਜ਼ਮੀ ਹੋਵੇਗੀ। ਮਾਨਹੀ ਦਾ ਇਹ ਹੁਕਮ 3 ਜੁਲਾਈ 2023 ਤੋਂ 3 ਸਤੰਬਰ 2023 ਤੱਕ ਲਾਗੂ ਰਹੇਗਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਰੋਟਰੀ ਕਲੱਬ, ਬਟਾਲਾ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਗਿਆ ਸੀ ਕਿ ਸਹਿਰਾਂ ਅਤੇ ਵੱਖ-ਵੱਖ ਇਲਾਕਿਆਂ ਵਿੱਚ ਆਏ ਦਿਨ ਨਾਕਾਬਪੋਸ਼ਾਂ ਵੱਲੋਂ ਲੁੱਟਾਂ-ਖੋਹਾਂ, ਕਤਲ, ਡਕੈਤੀਆਂ ਅਤੇ ਚੈਨ ਸਨੈਚਿੰਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਪੁਲਿਸ ਵੱਲੋਂ ਜਦੋਂ ਵਾਰਦਾਤ ਵਾਲੀ ਜਗ੍ਹਾ `ਤੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਪੜਤਾਲ ਕੀਤੀ ਜਾਂਦੀ ਹੈ ਤਾਂ ਫੁਟੇਜ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦਾ ਮੂੰਹ ਕਪੜੇ ਜਾਂ ਮਾਸਕ ਨਾਲ ਪੂਰੀ ਤਰ੍ਹਾਂ ਢੱਕਿਆ ਹੁੰਦਾ ਹੈ। ਇਸ ਕਾਰਨ ਦੋਸ਼ੀਆਂ ਦੀ ਪਹਿਚਾਣ ਨਹੀਂ ਹੋ ਪਾਉਂਦੀ। ਇਸ ਲਈ ਸੁਰੱਖਿਆ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸੇ ਵੀ ਵਿਅਕਤੀ ਵਲੋਂ ਆਪਣੇ ਮੂੰਹ ਨੂੰ ਕਪੜੇ ਨਾਲ ਢੱਕ ਕੇ ਪੈਦਲ ਚੱਲਣ ਜਾਂ ਦੋ ਪਹੀਆ ਵਾਹਣ ਚਲਾਉਣ ਤੇ ਪਾਬੰਧੀ ਲਗਾਉਣੀ ਜ਼ਰੂਰੀ ਹੈ। ਜਨਤਾ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਟਰੇਟ ਵੱਲੋਂ ਉਪਰੋਕਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ।