ਡਿਪਟੀ ਕਮਿਸ਼ਨਰ ਵੱਲੋਂ ਮੈਟਰਨਲ ਡੈਥ ਰਿਵਿਊ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ

ਤਰਨ ਤਾਰਨ, 19 ਦਸੰਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਆਈ. ਏ. ਐੱਸ. ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਤਰਨ ਤਾਰਨ ਵਿਖੇ ਮੈਟਰਨਲ ਡੈਥ ਰਿਵਿਊ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ।ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਕਮ-ਜ਼ਿਲ੍ਹਾ ਟੀਕਾਕਰਨ ਅਫ਼ਸਰ ਤਰਨ ਤਾਰਨ ਡਾ. ਵਰਿੰਦਰਪਾਲ ਕੌਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅਸ਼ੀਸ਼ ਗੁਪਤਾ ਤਰਨ ਤਾਰਨ ਵੱਲੋਂ ਚਾਰ ਬਲਾਕਾਂ ਦੇ ਐੱਸ. ਐੱਮ. ਓ, ਐੱਲ. ਐੱਚ. ਵੀ, ਏ. ਐੱਨ. ਐੱਮ ਅਤੇ ਆਸ਼ਾ ਵਰਕਰ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਚਾਈਲਡ ਡੈਥ ਰਿਵਿਊ ਅਤੇ ਮੈਟਰਨਲ ਡੈਥ ਰਿਵਿਊ ਬਾਰੇ ਚਰਚਾ ਕੀਤੀ ਗਈ ਅਤੇ ਸਮੂਹ ਮੈਡੀਕਲ ਅਫਸਰਾਂ ਅਤੇ ਹੋਰ ਕਰਮਚਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡਾ ਮਕਸਦ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨਾ ਹੈ ਅਤੇ ਇਸ ਲਈ ਮਾਂ ਅਤੇ ਬੱਚੇ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ। ਉਹਨਾਂ ਕਿਹਾ ਕਿ ਹਾਈ ਰਿਸਕ ਮਾਵਾਂ ਦੀ ਘਰ-ਘਰ ਜਾ ਕੇ ਫਾਲੋ-ਅਪ ਕੀਤੀ ਜਾਵੇ ਤਾਂ ਜੋ ਜਣੇਪੇ ਵੇਲੇ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ।ਉਹਨਾਂ ਕਿਹਾ ਕਿ ਜਣਨੀ ਸੁਰੱਖਿਆ ਯੋਜਨਾ ਤਹਿਤ ਰਜਿਸਟਰ ਕੀਤੀਆਂ ਗਰਭਵਤੀ ਔਰਤਾਂ ਨੂੰ ਦਿੱਤੇ ਜਾਂਦੇ ਵਿੱਤੀ ਲਾਭ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਏ. ਐਨ. ਐਮਜ਼ ਅਤੇ ਕਮਿਊਨਿਟੀ ਹੈਲਥ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਮੈਟਰਨਲ ਡੈਥ ਰੇਟ ਘਟਾਉਣ ਲਈ ਹਾਈ ਰਿਸਕ ਗਰਭਵਤੀ ਔਰਤਾਂ ਅਤੇ ਮਾਈਗ੍ਰੇਟਰੀ ਅਬਾਦੀ, ਸਲੱਮ ਅਤੇ ਹੋਰ ਹਾਈ ਰਿਸਕ ਏਰੀਏ ਵਿੱਚ ਰਹਿ ਰਹੀਆਂ ਗਰਭਵਤੀ ਔਰਤਾਂ ਦੀ ਪੂਰੀ ਤਰ੍ਹਾਂ ਫਾਲੋ-ਅਪ ਕੀਤੀ ਜਾਵੇ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਹਰ ਪਿੰਡ ਵਿੱਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਵੀ ਇਸ ਲਈ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ-ਆਪਣੇ ਪਿੰਡ ਵਿੱਚ ਅਜਿਹੀਆਂ ਮਾਵਾਂ ਦੀ ਪਹਿਚਾਣ ਕਰਕੇ ਰਿਕਾਰਡ ਵਿੱਚ ਦਰਜ ਕਰਨ, ਜਿਹਨਾਂ ਦੀ ਉਮਰ 35 ਸਾਲ ਤੋਂ ਵੱਧ ਹੋਵੇ, ਪੰਜ ਵਾਰ ਜਾਂ ਉਸ ਤੋਂ ਵੱਧ ਵਾਰ ਗਰਭ ਧਾਰਨ ਕੀਤਾ ਹੋਵੇ, ਬਹੁਤ ਛੋਟਾ ਕੱਦ ਹੋਵੇ, ਸਰੀਰ ਵਿੱਚ ਖੂਨ ਦੀ ਜਿਆਦਾ ਘਾਟ ਹੋਵੇ, ਬਲੱਡ ਗਰੁੱਪ ਦਾ ਆਰ. ਐਚ ਫੈਕਟਰ ਨੈਗੇਟਿਵ ਹੋਵੇ, ਬਲੱਡ ਪ੍ਰੈਸ਼ਰ ਜਿਆਦਾ ਹੋਵੇ, ਗਰਭ ਅਵਸਥਾ ਦੌਰਾਨ ਸ਼ੂਗਰ ਵੱਧ ਜਾਂ ਘੱਟ ਹੋਣਾ, ਵਾਰ-ਵਾਰ ਗਰਭਪਾਤ ਹੋਣਾ, ਪਿਛਲੇ ਜਣੇਪੇ ਦੌਰਾਨ ਵੱਡਾ ਅਪ੍ਰੇਸ਼ਨ ਹੋਇਆ ਹੋਵੇ, ਬਾਂਝਪਣ ਦਾ ਇਲਾਜ਼ ਕਰਵਾਇਆ ਹੋਵੇ, ਗਰਭਵਤੀ ਔਰਤ ਨੂੰ ਦਿਲ ਦੀ ਬਿਮਾਰੀ, ਦਮਾ, ਸ਼ੂਗਰ, ਦੌਰੇ ਪੈਣੇ ਆਦਿ ਕੋਈ ਲੰਬੀ ਬਿਮਾਰੀ ਹੋਵੇ। ਉਹਨਾਂ ਕਿਹਾ ਕਿ ਆਸ਼ਾ ਵਰਕਰਾਂ, ਏ. ਐਨ. ਐਮ ਨਾਲ਼ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਸ਼ਡਿਊਲ ਅਨੁਸਾਰ ਟੀਕਾਕਰਨ ਕਰਵਾਇਆ ਜਾਵੇ ਅਤੇ ਹੋਰ ਜਰੂਰੀ ਟੈਸਟ ਕਰਵਾਏ ਜਾ ਸਕਣ।