- ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡ ਸੱਭਿਅਚਾਰ ਕੀਤਾ ਪ੍ਰਫੁੱਲਿਤ- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
- ਸੂਬਾ ਸਰਕਾਰ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਚਨਬੱਧ-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
- ਵਿਧਾਇਕ ਸ਼ੈਰੀ ਕਲਸੀ ਨੇ ਪ੍ਮੁੱਖ ਸਖਸੀਅਤਾਂ, ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ, ਖਿਡਾਰੀਆਂ ਤੇ ਮੀਡੀਆ ਸਾਥੀਆਂ ਦਾ ਕੀਤਾ ਧੰਨਵਾਦ
ਬਟਾਲਾ, 23 ਨਵੰਬਰ : ਪਿੰਡ ਕੋਟਲਾ ਸ਼ਾਹੀਆਂ ਵਿਖੇ 20 ਨਵੰਬਰ ਨੂੰ ਸ਼ੁਰੂ ਹੋਈਆਂ 30ਵੀਆਂ ਕਮਲਜੀਤ ਖੇਡਾਂ-2023 ਅਮਿੱਟ ਯਾਦਾਂ ਬਿਖੇਰਦੀਆਂ, ਮੁੜ ਮਿਲਣ ਦੇ ਵਾਅਦੇ ਨਾਲ ਅੱਜ 23 ਨਵੰਬਰ ਨੂੰ ਸਫਲਤਾਪੂਰਵਕ ਸੰਪੰਨ ਹੋਈਆਂ। ਸਮਾਪਤੀ ਸਮਾਰੋਹ ਵਿੱਚ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮਾਝੇ ਦੀਆਂ ਨਾਮਵਰ ਕਮਲਜੀਤ ਖੇਡਾਂ ਦੇ ਚੋਥੇ ਤੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਏਸ਼ੀਅਨ ਗੇਮਜ਼ ਦੇ ਮੈਡਲਿਸਟ 12 ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਲੱਖ ਰੁਪਏ ਦੇ ਨਗਦ ਇਨਾਮ ਅਤੇ ਜੇਤੂ ਖਿਡਾਰੀਆਂ ਨੂੰ ਮੋਟਰਸਾਈਕਲ ਇਨਾਮ ਵਿੱਚ ਵੰਡੇ। ਇਸ ਮੌਕੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ, ਉੱਘੇ ਕਵੀ ਅਤੇ ਲੇਖਕ ਗੁਰਭਜਨ ਸਿੰਘ ਗਿੱਲ,ਐਸਐਸਪੀ ਗੁਰਦਾਸਪੁਰ ਹਰੀਸ਼ ਦਾਯਮਾ, ਮੈਡਮ ਅਸ਼ਵਨੀ ਗੋਟਿਆਲ ਐਸ ਐਸ ਪੀ ਬਟਾਲਾ, ਸੁਭਾਸ਼ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ ਬਟਾਲਾ ਮੋਜੂਦ ਸਨ। ਸੁਰਜੀਤ ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆਂ ਵਿਖੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਹ ਏਸ਼ੀਅਨ ਗੇਮਜ਼ ਦੇ ਮੈਡਲਿਸਟ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੇ ਪੰਜਾਬ ਦਾ ਨਾਅ ਦੇਸ਼-ਵਿਦੇਸ਼ ਦੀ ਧਰਤੀ ਵਿੱਚ ਉੱਚਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਸਫਲ ਉਪਰਾਲੇ ਕੀਤੇ ਗਏ ਹਨ ਤੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਦੇ ਮੰਤਵ ‘ ਖੇਡਾਂ ਵਤਨ ਪੰਜਾਬ ਦੀਆਂ ’ ਕਰਵਾਈਆਂ ਗਈਆਂ ਸਨ, ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਵੰਡੇ ਗਏ।ਉਨਾਂ ਖੇਡਾਂ ਦੇ ਮੁੱਖ ਪਰਬੰਧਕ ਅਤੇ ਵਿਧਾਇਕ ਸ਼ੈਰੀ ਕਲਸੀ ਅਤੇ ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਵਲੋਂ ਕਰਵਾਈਆਂ ਜਾਂਦੀਆਂ ਕਮਲਜੀਤ ਖੇਡਾਂ ਦੀ ਭਰਵੀਂ ਸਰਾਹਨਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਖੇਡ ਕਮੇਟੀ ਨੂੰ 11 ਲੱਖ ਰੁਪਏ (ਇਸ ਵਿੱਚੋਂ ਇੱਕ ਲੱਖ ਰੁਪਏ ਖਿਡਾਰਣ ਮੰਜੂ ਰਾਣੀ ਨੂੰ ) ਦੇਣ ਦਾ ਐਲਾਨ ਕੀਤਾ।