ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰਕਿਰਿਆ ਤੁਰੰਤ ਰੱਦ ਕੀਤੀ ਜਾਵੇ, ਘੁਟਾਲੇ ਦੀ ਹੋਵੇ ਜਾਂਚ : ਮਜੀਠੀਆ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰਕਿਰਿਆ ਤੁਰੰਤ ਰੱਦ ਕੀਤੀ ਜਾਵੇ ਤੇ ਬਹੁ ਕਰੋੜੀ ਘੁਟਾਲੇ ਦੀ ਸੀਬੀ ਆਈ ਜਾਂਚ ਕਰਵਾਈ ਜਾਵੇ। ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਮਜੀਠੀਆ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਕਿ ਇਹ ਘੁਟਾਲਾ ਵੀ ਜੰਮੂ ਕਸ਼ਮੀਰ ਵਿਚ ਹੋਏ ਸਬ ਇੰਸਪੈਕਟਰ ਭਰਤੀ ਘੁਟਾਲੇ ਵਰਗਾ ਹੈ ਕਿਉਂਕਿ ਜਨਰਲ ਕੈਟਾਗਿਰੀ ਦੇ ਭਰਤੀ ਹੋਏ 19 ਵਿਚੋਂ 11 ਵਿਦਿਆਰਥੀ ਇਕੋ ਇਲਾਕੇ ਮੂਣਕ ਤੇ ਪਾਤੜਾਂ ਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਉਮੀਦਵਾਰਾਂ ਵਿਚੋਂ ਤਿੰਨ ਜੰਮੂ ਕਸ਼ਮੀਰ ਦੇ ਘੁਟਾਲੇ ਵਾਂਗ ਆਪਸੀ ਰਿਸ਼ਤੇਦਾਰ ਹਨ। ਮਜੀਠੀਆ ਨੇ ਕਿਹਾ ਕਿ ਉਨ੍ਹਾਂ 70 ਹਜ਼ਾਰ ਉਮੀਦਵਾਰਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ ਜਿੰਨ੍ਹਾਂ ਨੇ ਇਹ ਪੇਪਰ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਇੰਨ੍ਹਾਂ ਉਮੀਦਵਾਰਾਂ ਨੂੰ ਜਵਾਬ ਦੇਣ ਜੋ ਪ੍ਰੀਖਿਆ ਵਿੱਚ ਸਿਰਫ ਉਨ੍ਹਾਂ ਦੇ ਇਲਾਕੇ ਦੇ ਲੋਕ ਹੀ ਕਿਉਂ ਚੁਣੇ ਗਏ ਹਨ। ਮਜੀਠੀਆ ਨੇ ਕਿਹਾ ਕਿ ਇਹ ਘੁਟਾਲਾ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਵਿਚ ਟਾਪ ਕਰਨ ਵਾਲੇ ਜਸਵੀਰ ਸਿੰਘ ਨੇ ਕੁਝ ਮਹੀਨੇ ਪਹਿਲਾਂ ਵਿਧਾਨ ਸਭਾ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ ਅਤੇ ਉਹ ਪਟਵਾਰੀ ਦੇ ਨਾਲ ਨਾਲ ਕਲਰਕ ਕਮ ਡਾਟਾ ਐਂਟਰੀ ਅਪਰੇਟਰ ਦੇ ਪੇਪਰ ਵਿਚ ਵੀ ਫੇਲ੍ਹ ਹੋ ਗਿਆ। ਇਸ ਵਿਅਕਤੀ ਦੇ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਵਿਚ 84.7 ਫੀਸਦੀ ਨੰਬਰ ਆਏ ਹਨ ਜਦੋਂ ਕਿ ਇਹ ਪ੍ਰੀਖਿਆ ਯੂ ਪੀ ਐਸ ਸੀ ਦੀ ਪ੍ਰੀਖਿਆ ਦੇ ਹਾਣ ਦੀ ਸੀ ਤੇ ਇਸਦਾ ਨੈਗੇਟਿਵ ਮਾਰਕਿੰਗ ਵੀ ਸੀ। ਮਜੀਠੀਆ ਨੇ ਕਿਹਾ ਕਿ ਪ੍ਰਭਾਵਤ ਵਿਦਿਆਰਥੀਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਘੁਟਾਲੇ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਨੇ ਇਹਨਾਂ ਨਾਲ ਮੁਲਾਕਾਤ ਨਹੀਂ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਨੇ ਇੰਨੀ ਕਾਹਲੀ ਨਾਲ ਉਸ ਪੇਪਰ ਦਾ ਰਿਜ਼ਲਟ ਕਿਉਂ ਘੋਸ਼ਤ ਕੀਤਾ ਹੈ ਜਿਸਦੀ ਪਟੀਸ਼ਨ ਪਹਿਲਾਂ ਹੀ ਹਾਈਕੋਰਟ ਵਿਚ ਪੈਂਡਿੰਗ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਪੇਪਰ ਪੰਜਾਬੀ ਵਿਚ ਕਿਉਂ ਨਹੀਂ ਲਿਆ ਗਿਆ ਤੇ ਕਿਉਂ ਸਰਕਾਰੀ ਨੌਕਰੀਆਂ ਵਿਚ ਪੰਜਾਬ ਵਾਸੀਆਂ ਨੂੰ ਪਹਿਲ ਦੇਣ ਦੇ ਵਾਅਦੇ ਨੂੰ ਲਾਗੂ ਨਹੀਂ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਘੁਟਾਲੇ ਵਿਚ ਕਰੋੜਾਂ ਦਾ ਹੇਰ ਫੇਰ ਹੋਇਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਤ੍ਰਾਸਦੀ ਵਾਲੀ ਗੱਲ ਹੈ ਕਿ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਪਾਰਟੀ ਫੰਡਾਂ ਵਾਸਤੇ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ  ਸੁਰੱਖਿਅਤ ਨਹੀਂ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਰਗੀਆਂ ਸੰਸਥਾਵਾਂ ਵੀ ਆਪ ਵੱਲੋਂ ਨਿਯੁਕਤ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਰਾਹੀਂ ਲੁੱਟੀਆਂ ਜਾ ਰਹੀਆਂ ਹਨ ਜਿਸਦਾ ਖੁਲ੍ਹਾਸਾ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਕੀਤਾ ਗਿਆ ਹੈ।