ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਯੂਥ ਕਲੱਬਾਂ ਦੀ ਮਦਦ ਕਰੇਗੀ ਪੰਜਾਬ ਸਰਕਾਰ : ਹਰਬੀਰ ਸਿੰਘ 

  • ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਲੱਬਾਂ ਨੂੰ ਮਦਦ ਦੇ ਚਾਹਵਾਨਾਂ ਨੂੰ ਤਿੰਨ ਸਾਲਾਂ ਦੀ ਪ੍ਰਗਤੀ ਰਿਪੋਰਟ ਸੌਂਪਣ ਦੇ ਦਿੱਤੇ ਨਿਰਦੇਸ਼ 
  • ਕਿਹਾ, ਕਲੱਬ ਵੱਲੋਂ 20 ਨਵੰਬਰ ਤੱਕ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੂੰ ਸੌਂਪੀ ਜਾਵੇ ਵਿਸਥਾਰਤ ਰਿਪੋਰਟ ਫਾਈਲ
  • ਜ਼ਿਲ੍ਹਾ ਪੱਧਰੀ ਕਮੇਟੀ ਕਲੱਬਾਂ ਦੇ ਕੰਮ ਦਾ ਕਰੇਗੀ ਮੁਲਾਂਕਣ 

ਪਠਾਨਕੋਟ 15 ਨਵੰਬਰ : ਡਿਪਟੀ ਕਮਿਸ਼ਨਰ ਪਠਾਨਕੋਟ ਸ. ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਯੂਥ ਕਲੱਬਾਂ ਨੂੰ ਉਤਸ਼ਾਹਿਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਵਿਭਾਗ ਨਾਲ ਸਬੰਧਤ ਸਰਗਰਮ ਯੂਥ ਕਲੱਬ, ਜੋ ਸਹਾਇਤਾ ਲੈਣ ਦੇ ਇੱਛੁਕ ਹਨ, ਉਹ ਆਪਣੀ ਤਿੰਨ ਸਾਲਾਂ ਦੀ ਪ੍ਰਗਤੀ ਰਿਪੋਰਟ 24 ਨਵੰਬਰ ਤੱਕ ਜਿਲਾ ਖੇਡ ਅਫਸਰ ਪਠਾਨਕੋਟ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਇਨ੍ਹਾਂ ਕਲੱਬਾਂ ਦੇ ਕੰਮ ਦਾ ਮੁਲਾਂਕਣ ਕਰਕੇ ਅਗਲੇਰੀ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪਠਾਨਕੋਟ ਪ੍ਰੀਤ ਕੋਹਲੀ ਨਾਲ ਮੋਬਾਈਲ ਨੰਬਰ 98158-81016 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੁਵਕ ਸੇਵਾਵਾਂ ਕਲੱਬਾਂ ਵੱਲੋਂ ਪਿੰਡ ਅਤੇ ਵਾਰਡ ਪੱਧਰ 'ਤੇ ਸਮਾਜ ਸੇਵੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਪਿੰਡਾਂ ਅਤੇ ਵਾਰਡਾਂ ਵਿਚ ਸਫ਼ਾਈ ਮੁਹਿੰਮ, ਖੂਨਦਾਨ ਕੈਂਪ, ਅਤੇ ਰਚਨਾਤਮਕ ਕਾਰਜ, ਖੇਡਾਂ ਅਤੇ ਹੋਰ ਵੱਖ-ਵੱਖ ਕੈਂਪਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ, ਸ਼ਾਮਲ ਹਨ। ਉਨ੍ਹਾਂ ਨੇ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਯੁਵਕ ਕਲੱਬਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਤਿੰਨ ਸਾਲਾਂ ਦੀ ਵਿਸਥਾਰਤ ਰਿਪੋਰਟ ਪੇਸ਼ ਕਰਨ ਤਾਂ ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਮਦਦ ਜਲਦੀ ਤੋਂ ਜਲਦੀ ਮੁਹੱਈਆ ਕਰਵਾਈ ਜਾ ਸਕੇ।