ਪੰਜਾਬ ਸਰਕਾਰ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਅਤੇ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ : ਵਿਧਾਇਕ ਕਲਸੀ

  • ਵਿਧਾਇਕ ਸ਼ੈਰੀ ਕਲਸੀ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਬਟਾਲਾ, 24 ਸਤੰਬਰ : ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ  ਭਲਾਈ ਸਕੀਮਾਂ ਦਾ ਲਾਭ ਦੇਣ ਅਤੇ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹੈ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਵਿੱਚ ਕੋਈ ਢਿੱਲਮੱਠ ਨਾ ਵਰਤੀ ਜਾਵੇ। ਉਨ੍ਹਾਂ ਅੱਜ ਆਪਣੇ ਗਰਿਹ ਵਿਖੇ ਲੋਕ ਮਿਲਣੀ ਪਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਉਹ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜਰ ਹਨ ਅਤੇ ਹਲਕਾ ਵਾਸੀਆਂ ਨੇ ਜੋ ਵਿਸ਼ਵਾਸ ਉਨਾਂ ਉੱਪਰ ਪ੍ਰਗਟਾਇਆ ਹੈ, ਉਸ ਉੱਪਰ ਉਹ ਖਰ੍ਹਾ ਉੱਤਰਨਗੇ। ਉਨ੍ਹਾਂ ਕਿਹਾ ਕਿ ਉਹ ਹਲਕਾ ਵਾਸੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣਕੇ ਹੱਲ ਕਰਵਾਉਣ ਦੇ ਨਾਲ ਹਲਕੇ ਅੰਦਰ ਮੁੱਢਲੇ ਵਿਕਾਸ ਕੰਮ ਤੇਜ਼ਗਤੀ ਨਾਲ ਕਰਵਾਏ ਜਾ ਰਹੇ ਹਨ ਤੇ ਵਿਕਾਸ ਕਾਰਜਾਂ ਵਿੱਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ। ਉਨਾਂ ਕਿਹਾ ਕਿ ਜਿਥੇ ਵਿਕਾਸ ਕਾਰਜ ਚੱਲ ਰਹੇ ਹਨ, ਓਥੇ ਸਬੰਧਤ ਵਿਭਾਗ ਨੂੰ ਕੰਮ ਦੀ ਗੁਣਵੱਤਾ ਤੇ ਮਿਆਰੀ ਕੰਮ ਕਰਨ ਲਈ ਸਖ਼ਤ ਹਦਾਇਤ ਕੀਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਪਿਛਲੇ ਕਈ ਸਾਲਾਂ ਤੋਂ ਜਿਨਾਂ ਕੰਮਾਂ ਦੀ ਲੋਕ ਉਡੀਕ ਕਰ ਰਹੇ ਸਨ, ਉਹ ਮੁਕੰਮਲ ਕੀਤੇ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਸ਼ਹਿਰ ਬਟਾਲਾ ਦੇ ਐਂਟਰੀ ਪੁਆਇੰਟਾਂ ਤੇ ਸ਼ਾਨਦਾਰ ਗੇਟਾਂ ਦੀ ਉਸਾਰੀ ਕਰਵਾਈ ਜਾਵੇਗੀ ਅਤੇ ਸ਼ਹਿਰ ਵਿਚਲੇ ਪ੍ਰਮੁੱਖ ਚੌਕਾਂ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਅਮੀਰ ਵਿਰਾਸਤ ਸੰਭਾਲਣ ਲਈ ਯਤਨ ਕੀਤੇ ਗਏ ਹਨ । ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਵਿਖੇ ਸ਼ਿਵ ਕੁਮਾਰ ਬਟਾਲਵੀ ਦਾ ਸ਼ਾਨਦਾਰ ਬੁੱਤ ਲਗਾਇਆ ਹੈ। ਗਾਂਧੀ ਚੋਂਕ ਤੋਂ ਹੰਸਲੀ ਪੁਲ ਦੇ ਬਾਜ਼ਾਰ ਵੱਲ ਨੂੰ ਨਵੀਂ ਸ਼ਾਨਦਾਰ ਸਟਰੀਟ ਲਾਈਟਸ ਲਗਾਈਆਂ ਗਈਆਂ ਹਨ। ਸ਼ਹਿਰ ਅੰਦਰ ਖੂਬਸੂਰਤ ਪਾਰਕ ਉਸਾਰੇ ਜਾ ਰਹੇ ਹਨ।