ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਮਪੁਰ ਨਰੋਤਮਪੁਰ ਦੇ ਰਹਿਣ ਵਾਲਾ ਅਗਾਂਹਵਧੂ ਸ੍ਰ. ਮੱਖਣ ਸਿੰਘ ਰਲਵੀਂ ਖੇਤੀ ਕਰਕੇ ਹੋਰ ਕਿਸਾਨਾਂ ਲਈ ਬਣਿਆ ਮਿਸਾਲ

  • ਖੇਤਾਂ ਵਿੱਚ ਆਪਣੇ ਘਰ ਖਾਣ ਵਾਸਤੇ ਮੋਟੇ ਅਨਾਜ ਕੋਧਰਾ ਅਤੇ ਰਾਗੀ ਦੀ ਵੀ ਕਰਦੇ ਹਨ ਖੇਤੀ
  • ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਦਬਾਉਣ ਨਾਲ ਤੀਸਰੇ ਸਾਲ ਅੱਧਾ ਰਹਿ ਜਾਂਦਾ ਹੈ ਖਾਦਾਂ ਦਾ ਖਰਚਾ-ਸ੍ਰ. ਮੱਖਣ ਸਿੰਘ

ਤਰਨ ਤਾਰਨ, 28 ਜੂਨ : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਮਪੁਰ ਨਰੋਤਮਪੁਰ ਬਲਾਕ ਖਡੂਰ ਸਾਹਿਬ ਦੇ ਰਹਿਣ ਵਾਲੇ ਅਗਾਂਹਵਧੂ ਸ੍ਰ. ਮੱਖਣ ਸਿੰਘ ਨੇ ਮੈਟ੍ਰਿਕ ਤੱਕ ਦੀ ਸਿੱਖਿਆ ਪ੍ਰਾਪਤ ਕਰਕੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਨੂੰ ਅਪਣਾਇਆ ਹੈ। ਖੇਤੀ ਵਿੱਚ ਕੁਝ ਵੱਖਰਾ ਕਰਨ ਦੀ ਤਾਂਘ ਨੇ ਸ੍ਰ. ਮੱਖਣ ਸਿੰਘ ਨੂੰ ਰਲਵੀਂ ਖੇਤੀ ਵੱਲ ਪ੍ਰੇਰਿਆ ਅਤੇ ਉਸ ਨੇ ਆਪਣੇ ਪਰਿਵਾਰ ਦੇ ਖਾਣ ਵਾਸਤੇ ਫਲ-ਸਬਜ਼ੀਆਂ ਅਤੇ ਅਨਾਜ ਜ਼ਹਿਰ ਮੁਕਤ ਬੀਜਣਾ ਸ਼ੁੁਰੂ ਕਰ ਦਿੱਤਾ ਅਤੇ ਉਸ ਦੇ ਚੰਗੇ ਨਤੀਜਿਆਂ ਨੇ ਉਸ ਨੂੰ ਦਾਲਾਂ, ਸਿੱਧੀ ਬਿਜਾਈ, ਕਮਾਦ, ਹਰੀ ਖਾਦ ਅਤੇ ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਦਬਾਉਣ ਲਈ ਪ੍ਰੇਰਿਆ। ਅਗਾਂਹਵਧੂ ਕਿਸਾਨ ਮੱਖਣ ਸਿੰਘ ਨੇ ਪਿਛਲੇ ਪੰਜ-ਛੇ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਉਸ ਨੂੰ ਖੇਤ ਵਿਚ ਹੀ ਵਾਹ ਕੇ ਖਾਦ ਦਾ ਕੰਮ ਲਿਆ । ਮੱਖਣ ਸਿੰਘ ਨੇ ਦੱਸਿਆ ਕਿ ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਦਬਾਉਣ ਨਾਲ ਤੀਸਰੇ ਸਾਲ ਖਾਦਾਂ ਦਾ ਖਰਚਾ ਅੱਧਾ ਰਹਿ ਜਾਂਦਾ ਹੈ।ਉਸ ਕੋਲ ਖੇਤੀ ਵਾਲੇ ਸਾਰੇ ਸੰਦ ਮੌਜੂਦ ਹਨ ਜਿਨ੍ਹਾਂ ਵਿੱਚ 2 ਟਰੈਕਟਰ, ਰੋਟਾਵੇਟਰ, ਹੱਲ, ਸੁਪਰ ਸੀਡਰ, ਤਵੀਆਂ, ਜਿੰਦ੍ਰਾ, 2 ਟਰਾਲੀਆਂ ਸ਼ਾਮਲ ਹਨ।ਮੱਖਣ ਸਿੰਘ ਆਪਣੇ ਫਸਲੀ ਚੱਕਰ ਵਿੱਚ ਝੋਨਾ-ਮਟਰ, ਆਲੂ-ਮੱਕੀ ਅਤੇ ਝੋਨਾ-ਮਟਰ-ਕਣਕ-ਮੂੰਗੀ ਦੀ ਵੀ ਕਾਸ਼ਤ ਕਰਦਾ ਹੈ। ਗੱਲਬਾਤ ਦੌਰਾਨ ਉਹਨਾਂ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ  ਮੈਨੇਜਰ ਨੂੰ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਸਿਹਤ ਦਾ ਬਹੁਤ ਖਿਆਲ ਰੱਖਦੇ ਹਨ ਅਤੇ ਉਹ ਆਪ ਆਪਣੀ ਖ਼ੁਰਾਕ ਵਿੱਚ ਮੋਟੇ ਅਨਾਜ ਵੀ ਵਰਤਦੇ ਹਨ, ਇਸ ਵਾਸਤੇ ਉਹਨਾਂ ਨੇ ਆਪਣੇ ਘਰ ਪੀਹਣ ਵਾਲੀ ਛੋਟੀ ਚੱਕੀ ਵੀ ਲਿਆਂਦੀ ਹੈ ਅਤੇ ਉਹ ਵੱਖ-ਵੱਖ ਅਨਾਜਾਂ ਦਾ ਆਟਾ ਪੀਸ ਕੇ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮਾਰਕੀਟਿੰਗ ਵਾਲੇ ਪਾਸੇ ਵੀ ਆਉਣ ਦਾ ਇਰਾਦਾ ਹੈ ਅਤੇ ਉਹ ਆਪਣੇ ਘਰ ਦਾ ਕਮਾਦ ਬੀਜਦੇ ਹਨ ਅਤੇ ਇਸ ਵਾਰ ਗੁੜ ਦੀ ਘੁਲਾੜੀ ਲਾ ਕੇ ਗੁੜ ਦੀ ਮਾਰਕੀਟਿੰਗ ਕਰਨ ਦਾ ਇਰਾਦਾ ਹੈ।ਉਹ ਬਾਸਮਤੀ ਦੀ ਸਿੱਧੀ ਬਿਜਾਈ ਵੀ ਕਰਦੇ ਹਨ ਤਾਂ ਕਿ ਘੱਟ ਰਹੇ ਪਾਣੀ ਦੇ ਪੱਧਰ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕੇ ਅਤੇ ਉਹ ਪਾਣੀ ਜ਼ਮੀਨ ਹੇਠਾਂ ਜਾ ਸਕੇ।ਉਹ ਆਪਣੇ ਖੇਤਾਂ ਵਿੱਚ ਆਪਣੇ ਘਰ ਖਾਣ ਵਾਸਤੇ ਮੋਟੇ ਅਨਾਜ ਕੋਧਰਾ ਅਤੇ ਰਾਗੀ ਦੀ ਖੇਤੀ ਵੀ ਕਰਦੇ ਹਨ ਅਤੇ ਜੇ ਕਿਸੇ ਕਿਸਾਨ ਨੇ ਕੋਧਰੇ ਦਾ ਬੀਜ ਲੈਣਾ ਹੋਵੇ ਤਾਂ ਉਹ ਬੀਜ ਮੁਫ਼ਤ ਮੁਹੱਈਆ ਕਰਵਾਉਂਦੇ ਹਨ।