ਝੋਨੇ/ਬਾਸਮਤੀ ਦੀ ਫ਼ਸਲ ਵਿੱਚ ਗੈਰ-ਸਿਫਾਰਸ਼ਸ਼ੁਦਾ ਖੇਤੀ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ : ਡਾ.ਅਮਰੀਕ ਸਿੰਘ

  • ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਆਉਣ ਦੀ ਸੂਰਤ ਵਿੱਚ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ

ਗੁਰਦਾਸਪੁਰ, 20 ਜੁਲਾਈ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਨਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਫ਼ਤੇ ਦੇ ਹਰ ਬੁੱਧਵਾਰ ਨੂੰ ਪਿੰਡਾਂ ਵਿੱਚ ਜਾਗਰੁਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਬਲਾਕ ਕਾਹਨੂੰਵਾਨ ਦੇ ਪਿੰਡ ਠੀਕਰੀਵਾਲ ਵਿੱਚ ਵਿਸ਼ੇਸ਼ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖ਼ਲਾਈ ਅਫ਼ਸਰ ਨੇ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਦਿਲਬਾਗ ਸਿੰਘ ਭੱਟੀ ਬਲਾਕ ਖੇਤੀਬਾੜੀ ਅਫ਼ਸਰ, ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਕਮਲ ਇੰਦਰਜੀਤ ਸਿੰਘ ਬਾਜਵਾ ਬਲਾਕ ਤਕਨਾਲੋਜੀ ਪ੍ਰਬੰਧਕ (ਆਤਮਾ), ਅਮਨਦੀਪ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ, ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਕੱਲੂਸੋਹਲ ਸਮੇਤ ਸਮੂਹ ਸਟਾਫ ਅਤੇ ਕਿਸਾਨ ਹਾਜ਼ਰ ਸਨ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਜ਼ਿਲਾ ਗੁਰਦਾਸਪੁਰ ਵਿੱਚ 854 ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਦਰਜ ਕੀਤੇ ਗਏ ਸਨ। ਉਨਾਂ ਕਿਹਾ ਕਿ ਜ਼ਿਲ੍ਹੇ ਅੰਦਰ 55 ਅਜਿਹੇ ਪਿੰਡ ਹਨ, ਜਿੰਨਾਂ ਵਿੱਚ 5 ਤੋਂ 10 ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਦਰਜ ਕੀਤੇ ਗਏ ਸਨ। ਉਨਾਂ ਦੱਸਿਆ ਇਨਾਂ 55 ਪਿੰਡਾਂ ਵਿੱਚ ਅਕਤੂਬਰ ਮਹੀਨੇ ਤੱਕ ਹਰ ਬੁੱਧਵਾਰ ਨੂੰ ਕਿਸਾਨ ਜਾਗਰੁਕਤਾ ਕੈਂਪ ਲਗਾਏ ਜਾਣਗੇ ਤਾਂ ਜੋ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਜ਼ਿਲਾ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਪਿਛਲੇ ਸਾਲ ਪਿੰਡ ਠੀਕਰੀਵਾਲ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ 3 ਵਾਕਿਆ ਦਰਜ ਕੀਤੇ ਗਏ ਸਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਕੋਈ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ ਤਾਂ ਜੋ ਪਿੰਡ ਠੀਕਰੀਵਾਲ ਨੂੰ ਪ੍ਰਦੂਸ਼ਣ ਮੁਕਤ ਪਿੰਡ ਬਣਾਇਆ ਜਾ ਸਕੇ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਣ ਦੀ ਬਿਜਾਏ ਖੇਤ ਵਿੱਚ ਹੀ ਤਵੀਆਂ ਨਾਲ ਵਾਹ ਦੇਣਾ ਚਾਹੀਦਾ ਜਾਂ ਝੋਨੇ ਦੀ ਕਟਾਈ ਉਪਰੰਤ ਕਟਰ ਕਮ ਸ਼ਰੈਡਰ ਜਾਂ ਚੌਪਰ ਨਾਲ ਰਹਿੰਦ ਖੂੰਹਦ ਨੂੰ ਖੇਤ ਵਿੱਚ ਇੱਕਸਾਰ ਖਿਲਾਰ ਕੇ ਪੀ.ਏ.ਯੂ. ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਖੇਤ ਨੂੰ ਬਗੈਰ ਵਾਹੇ ਕਰ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕਣਕ ਦੀ ਬਿਜਾਈ ਲਈ ਮਲਚਿੰਗ ਤਕਨੀਕ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਉਨਾਂ ਕਿਸਾਨਾਂ ਨੂੰ ਝੋਨੇ/ਬਾਸਮਤੀ ਦੀ ਫਸਲ ਵਿੱਚ ਗੈਰ-ਸਿਫਾਰਸ਼ਸ਼ੁਦਾ ਖੇਤੀ ਸਮੱਗਰੀ ਜਿਵੇਂ ਸਲਫਰ, ਦਾਣੇਦਾਰ ਕੀਟਨਾਸ਼ਕ ਆਦਿ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਡਾ. ਦਿਲਬਾਗ ਸਿੰਘ ਭੱਟੀ ਨੇ ਕਿਹਾ ਕਿ ਬਲਾਕ ਖੇਤੀਬਾੜੀ ਦਫਤਰ ਕਾਹਨੂੰਵਾਨ ਕੋਲ ਦੋ ਸੁਪਰਸੀਡਰ ਮੌਜੂਦ ਹਨ। ਉਨਾਂ ਕਿਹਾ ਕਿ ਕੋਈ ਵੀ ਕਿਸਾਨ ਆਪਣਾ ਟ੍ਰੈਕਟਰ ਲਿਆ ਇਨਾਂ ਸੁਪਸੀਡਰਾਂ ਦੀ ਵਰਤੋਂ ਕਰ ਸਕਦਾ ਹੈ ਅਤੇ ਵਰਤੋਂ ਕਰਕੇ ਵਾਪਸ ਦਫ਼ਤਰ ਵਿੱਚ ਦੇਣਾ ਹੋਵੇਗਾ। ਉਨਾਂ ਦੱਸਿਆ ਕਿ ਸੁਪਰਸੀਡਰਾਂ ਦਾ ਕਿਰਾਇਆ ਨਾ ਮਾਤਰ ਹੀ ਰੱਖਿਆ ਗਿਆ ਤਾਂ ਜੋ ਕਿਸੇ ਕਿਸਮ ਦੀ ਟੁੱਟ ਭੱਜ ਹੋਣ ਤੇ ਮੁਰੰਮਤ ਕਰਵਾਈ ਜਾ ਸਕੇ। ਡਾ. ਦਿਲਰਾਜ ਸਿੰਘ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਦੱਸਿਆ ਕਿ 28 ਜੁਲਾਈ ਨੁੰ 14ਵੀਂ ਕਿਸ਼ਤ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਜਾ ਰਹੀ ਹੈ। ਉਨਾਂ ਇਸ ਸਕੀਮ ਦੇ ਲਾਭਪਾਤਰੀ ਕਿਸਾਨਾਂ ਨੂੰ ਈ.ਕੇ.ਵਾਈ.ਸੀ ਕਰਵਾਉਣ ਲਈ ਕਿਹਾ। ਉਨਾਂ ਕਿਹਾ ਕਿ ਜਿੰਨਾ ਕਿਸਾਨਾਂ ਦੀ ਈ.ਕੇ.ਵਾਈ.ਸੀ ਮੁਕੰਮਲ ਨਹੀਂ ਹੋਵੇਗੀ ਉਨਾਂ ਦੇ ਖਾਤਿਆਂ ਵਿੱਚ 14 ਵੀਂ ਕਿਸ਼ਤ ਨਹੀਂ ਆਵੇਗੀ। ਬੀ.ਟੀ.ਐੱਮ ਕਮਲ ਇੰਦਰਜੀਤ ਸਿੰਘ ਬਾਜਵਾ ਨੇ ਆਤਮਾ ਸਕੀਮ ਤਹਿਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਅਮਨਦੀਪ ਕੌਰ ਨੇ ਸਮੂਹ ਕਿਸਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।