ਅਜਨਾਲਾ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ : ਕੈਬਨਿਟ ਮੰਤਰੀ ਧਾਲੀਵਾਲ

  • ਹਰੇਕ ਵਾਰਡ ਵਿੱਚ ਪਹੁੰਚ ਕੇ ਧਾਲੀਵਾਲ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ 

ਅੰਮ੍ਰਿਤਸਰ, 20 ਨਵੰਬਰ 2024 : ਸਰਹੱਦੀ ਕਸਬੇ ਅਜਨਾਲਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਇਹ ਕਸਬਾ ਰਾਜ ਦੇ ਵਿਕਸਿਤ ਸ਼ਹਿਰਾਂ ਵਾਂਗ ਹਰ ਸਹੂਲਤ ਨਾਲ ਲੈਸ ਹੋਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਸ਼ਹਿਰ ਦੇ ਘਰ-ਘਰ ਦਿੱਤੀ ਦਸਤਕ ਦੌਰਾਨ ਸ਼ਹਿਰ ਵਾਸੀਆਂ ਨਾਲ ਕਰਦੇ ਹੋਏ ਕਿਹਾ ਕਿ ਹੁਣ ਤੱਕ ਉਹ ਸ਼ਹਿਰ ਵਿੱਚ ਸੜਕਾਂ ਦਾ ਨਿਰਮਾਣ, ਸਟਰੀਟ ਲਾਈਟਾਂ, ਸੁਰੱਖਿਆ ਲਈ ਸੀਸੀਟੀਵੀ ਕੈਮਰੇ, ਸਫਾਈ ਦੇ ਪ੍ਰਬੰਧ, ਹਰਿਆਵਲ ਲਈ ਦਰਖਤ ਲਗਾਉਣ, ਗਲੀਆਂ ਦਾ ਨਿਰਮਾਣ ਆਦਿ ਦੇ ਕੰਮ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਜੋ ਲੋੜ ਸ਼ਹਿਰ ਵਾਸੀ ਦੱਸਣਗੇ ਉਸ ਉੱਤੇ ਕੰਮ ਕੀਤਾ ਜਾਵੇਗਾ। ਸ ਧਾਲੀਵਾਲ ਨੇ ਅੱਜ ਅਜਨਾਲਾ ਸ਼ਹਿਰ ਦੀਆਂ ਸਮੁੱਚੀਆਂ 15 ਵਾਰਡਾਂ ਵਿੱਚ ਜਾ ਕੇ ਪਾਰਟੀ ਅਹੁਦੇਦਾਰਾਂ, ਵਲੰਟੀਅਰਾਂ ਅਤੇ ਆਮ ਸ਼ਹਿਰੀਆਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਨਿਪਟਾਰਾ ਕੀਤਾ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਸਰਹੱਦੀ ਸ਼ਹਿਰ ਦੀ ਸਾਰ ਨਹੀਂ ਲਈ ਜਿਸ ਕਾਰਨ ਇਹ ਸ਼ਹਿਰ ਬਾਕੀ ਪੰਜਾਬ ਨਾਲੋਂ ਬਹੁਤ ਪਛੜ ਕੇ ਰਹਿ ਗਿਆ ਸੀ ਪਰ ਜਦੋਂ ਤੋਂ ਪੰਜਾਬ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਦੋਂ ਤੋਂ ਲੈ ਕੇ ਮੈਂ ਇਸ ਦੀ ਬਿਹਤਰੀ ਲਈ ਕੰਮ ਕਰ ਰਿਹਾ ਹਾਂ । ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਕੋਲੋਂ ਮੈਂ ਅਜਨਾਲਾ ਲਈ ਜੋ ਵੀ ਮੰਗਿਆ ਹੈ, ਉਹਨਾਂ ਨੇ ਦਿਲ ਖੋਲ ਕੇ ਦਿੱਤਾ ਹੈ। ਸ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਨਾਲਾ ਵਾਸੀ ਜੋ ਹੁਕਮ ਕਰਨਗੇ ਸ਼ਹਿਰ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਪੂਰਾ ਕੀਤਾ ਜਾਵੇਗਾ।