ਲੈਬ ਦੇ ਨਵੇਂ ਕੁਲੈਕਸ਼ਨ ਸੈਂਟਰ ਦਾ ਟਰੱਸਟ ਦੇ ਮੁੱਖੀ ਡਾ. ਓਬਰਾਏ ਵੱਲੋਂ ਉਦਘਾਟਨ ਕੀਤਾ ਗਿਆ

ਅੰਮ੍ਰਿਤਸਰ: ਆਪਣੀ ਜੇਬ੍ਹ 'ਚੋਂ ਕਰੋੜਾਂ ਰੁਪਏ ਸੇਵਾ ਕਾਰਜਾਂ 'ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ 'ਸੰਨੀ ਓਬਰਾਏ ਕਲਿਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ' ਖੋਲ੍ਹਣ ਦੇ ਅਰੰਭੇ ਗਏ ਕਾਰਜ ਤਹਿਤ ਅੱਜ ਕਸ਼ਮੀਰ ਐਵੀਨਿਊ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਜਿੱਥੇ ਲੈਬ ਦੇ ਨਵੇਂ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ, ਉਥੇ ਹੀ ਪਹਿਲਾਂ ਤੋਂ ਹੀ ਮੈਡੀਕਲ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਲੈਬ ਨੂੰ ਵੀ ਮੁਕੰਮਲ ਸਵੈਚਾਲਿਤ ਮਸ਼ੀਨ ਸ਼ੁਰੂ ਕਰਕੇ ਅਪਗ੍ਰੇਡ ਕੀਤਾ ਗਿਆ। ਉਪਰੋਕਤ ਦੋਵ੍ਹਾਂ ਕਾਰਜਾਂ ਦੇ ਉਦਘਾਟਨ ਉਪਰੰਤ ਗੱਲਬਾਤ ਕਰਦਿਆਂ ਟਰੱਸਟ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਨਗਰੀ 'ਚ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਮੌਕੇ ਪਿਛਲੇ ਸਮੇਂ ਮੈਡੀਕਲ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਖੋਲ੍ਹੀ ਗਈ ਕਲਿਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਨੂੰ ਅਪਗ੍ਰੇਡ ਕਰਦਿਆਂ ਅਤਿ ਆਧੁਨਿਕ 'ਮੁਕੰਮਲ ਆਟੋ ਐਨੇਲਾਈਜ਼ਰ' ਮਸ਼ੀਨ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਹੁਣ ਇੱਕ ਵਾਰ ਸੈੰਪਲ ਲੈ ਕੇ ਹੀ ਕਈ ਟੈਸਟ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੱਸਟ ਵਲੋਂ ਅੱਜ ਹੀ ਕਸ਼ਮੀਰ ਐਵੇਨਿਊ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਲੋਕਾਂ ਦੀ ਸਹੂਲਤ ਲਈ ਲੈਬ ਦਾ ਇਕ ਕੁਲੈਕਸ਼ਨ ਸੈਂਟਰ ਵੀ ਸਥਾਪਤ ਕੀਤਾ ਗਿਆ ਹੈ, ਜਿਸ ਅੰਦਰ ਮਰੀਜ਼ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਟੈਸਟਾਂ ਦੇ ਸੈਂਪਲ ਦੇ ਸਕਣਗੇ। ਡਾ.ਓਬਰਾਏ ਅਨੁਸਾਰ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ 'ਚ 80 ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਹਰ ਮਹੀਨੇ ਲਗਭਗ 60 ਹਜ਼ਾਰ ਦੇ ਕਰੀਬ ਲੋਕ ਕੇਵਲ ਲਾਗਤ ਦਰਾਂ 'ਤੇ ਆਪਣੇ ਟੈਸਟ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੱਸਟ ਵੱਲੋਂ ਡਿਜੀਟਲ ਐਕਸਰੇ, ਅਲਟਰਾਸਾਊਂਡ, ਡੈਂਟਲ ਕਲਿਨਿਕ ਅਤੇ ਫਿਜ਼ੀਓਥਰੈਪੀ ਕੇਂਦਰ ਖੋਲ੍ਹਣ ਦਾ ਕਾਰਜ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ। ਡਾ.ਓਬਰਾਏ ਅਨੁਸਾਰ ਉਨ੍ਹਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਪੁਰਬ ਨੂੰ ਸਮਰਪਿਤ 100 ਲੈਬਾਰਟਰੀਆਂ ਸਥਾਪਿਤ ਕਰਨ ਦੇ ਮਿੱਥੇ ਗਏ ਟੀਚੇ ਨੂੰ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।ਇਸ ਦੌਰਾਨ ਟਰੱਸਟ ਦੇ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ.ਦਲਜੀਤ ਸਿੰਘ ਗਿੱਲ,ਡਾ.ਪ੍ਰਨੀਤ ਬੱਗਾ,ਟਰੱਸਟ ਦੇ ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਖ਼ਜ਼ਾਨਚੀ ਨਵਜੀਤ ਸਿੰਘ ਘਈ, ਡਾ. ਬਲਬੀਰ ਸਿੰਘ ਢੀਂਗਰਾ ਪ੍ਰਧਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਰਮਿੰਦਰ ਸਿੰਘ ਜਨਰਲ ਸਕੱਤਰ, ਪ੍ਰਿੰਸੀਪਲ ਭੁਪਿੰਦਰ ਸਿੰਘ, ਹਰਦੇਵ ਸਿੰਘ ਸੰਧੂ, ਐਡਵੋਕੇਟ ਸਿਆਲੀ, ਸੈਕਟਰੀ ਸਤਵੰਤ ਸਿੰਘ ਖੁਰਾਣਾ, ਗੁਰਮੀਤ ਸਿੰਘ,ਸੁਖਵਿੰਦਰ ਸਿੰਘ ਕੋਹਾਲੀ, ਭੁਪਿੰਦਰ ਸਿੰਘ, ਹਰਭਜਨ ਸਿੰਘ,ਨਰਿੰਦਰਜੀਤ ਸਿੰਘ,ਗੁਰਦੀਪ ਸਿੰਘ ਬਾਜਵਾ,ਸ਼ਰਨਜੀਤ ਕੌਰ,ਕੋਮਲਜੀਤ ਕੌਰ, ਅਮਨਜੋਤ ਕੌਰ ਤੇ ਮਨਦੀਪ ਸਿੰਘ ਤੋਂ ਇਲਾਵਾ ਟਰੱਸਟ ਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਵੀ ਮੌਜੂਦ ਸਨ।