ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਸਬੰਧੀ ਮਿਉਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਫਾਈ ਮੁਹਿੰਮ ਜ਼ੋਰਾਂ ਉਤੇ ਜਾਰੀ

  • ਜਲੰਧਰ ਤੋਂ ਕੱਲ ਸ਼ਾਮ ਨੂੰ ਭਗਵਾਨ ਵਾਲੀਮਕ ਤੀਰਥ ਪੁੱਜੇਗੀ ਸੋਭਾ ਯਾਤਰਾ

ਅੰਮ੍ਰਿਤਸਰ, 20 ਅਕਤੂਬਰ : ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਸਮਾਗਮ, ਜੋ ਕਿ 28 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ, ਦੀਆਂ ਤਿਆਰੀਆਂ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥਰੀ ਵੱਲੋਂ ਦਿੱਤੀਆਂ ਗਈਆਂ ਜਿਮੇਵਾਰੀਆਂ ਨਿਭਾਉਂਦੇ ਵੈਸੇ ਤਾਂ ਸਾਰੇ ਵਿਭਾਗਾਂ ਦੇ ਅਧਿਕਾਰੀ ਆਪਣਾ ਕੰਮ ਕਰਵਾ ਰਹੇ ਹਨ, ਪਰ ਸਮਾਗਮ ਨੂੰ ਵੇਖਦੇ ਹੋਏ ਕੰਪਲੈਕਸ ਅਤੇ ਆਲੇ ਦੁਆਲੇ ਦੀ ਸਫਾਈ ਦਾ ਵੱਡਾ ਕੰਮ ਹੋਣ ਕਾਰਨ ਡਿਪਟੀ ਕਮਿਸ਼ਨਰ ਵੱਲੋਂ ਇਸ ਕੰਮ ਲਈ ਮਿਉਂਸੀਪਲ ਕਾਰਪੋਰੇਸ਼ਨ ਦਾ ਸਹਿਯੋਗ ਮੰਗਿਆ ਗਿਆ ਸੀ, ਜਿਸ ਦੇ ਚੱਲਦੇ ਨਗਰ ਨਿਗਮ ਦੇ ਸ੍ਰੀ ਵਿਸ਼ਾਲ ਵਧਾਵਨ ਦੀ ਅਗਵਾਈ ਹੇਠ ਟੀਮਾਂ ਨਿਰੰਤਰ ਕੰਮ ਕਰ ਰਹੀਆਂ ਹਨ। ਅੱਜ ਤੀਰਥ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਕਾਰਪੋਰੇਸ਼ਨ ਦੀਆਂ ਟੀਮਾਂ ਜਿਸ ਵਿਚ ਸਫਾਈ ਕਰਮੀਆਂ ਦੇ ਨਾਲ-ਨਾਲ ਮਕੈਨੀਕਲ ਸਵੀਪਿੰਗ, ਵਾਟਰ ਸਪਰਕਲਿੰਗ, ਡਿਚ ਮਸ਼ੀਨ, ਟਿਪਰ ਆਦਿ ਸ਼ਾਮਿਲ ਹਨ, ਸਫਾਈ ਵਿਚ ਲੱਗੇ ਹੋਏ ਹਨ। ਸ੍ਰੀ ਵਧਾਵਨ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਜਲੰਧਰ ਤੋਂ ਆਉਣ ਵਾਲੀ ਸ਼ੋਭਾ ਯਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਕੰਮ ਪੂਰੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ 20 ਸਫਾਈ ਕਰਮੀ ਮੁੱਖ ਸੜਕ ਤੋਂ ਲੈ ਕੇ ਕੰਪਲੈਕਸ ਤੱਕ ਸਫਾਈ ਲਈ ਦਿਨ-ਰਾਤ ਕੰਮ ਕਰਨ ਵਾਸਤੇ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਜ ਤੋਂ ਮੱਖੀ-ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਸਪਰੇਅ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਸਮਾਗਮਾਂ ਤੱਕ ਜਾਰੀ ਰਹੇਗਾ। ਉਨਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੇ ਟੈਂਕਰ ਵੀ ਸਾਡੇ ਵੱਲੋਂ ਭੇਜ ਦਿੱਤੇ ਗਏ ਹਨ, ਜੋ ਕਿ ਸਮਾਗਮ ਤੱਕ ਇੱਥੇ ਰਹਿਣਗੇ। ਉਨਾਂ ਦੱਸਿਆ ਕਿ ਸਮਾਮਗ ਲਈ ਸਜਾਵਟ ਵਾਸਤੇ ਅਸੀਂ ਸੁੰਦਰ ਝੰਡਿਆਂ ਦਾ ਇੰਤਜਾਮ ਕੀਤਾ ਹੈ, ਜੋ ਕਿ ਸਮਾਗਮ ਦੀ ਸ਼ੋਭਾ ਵਧਾਉਣਗੇ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਮਿਊਂਸਪੀਲ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਸਮਾਗਮ ਲਈ ਹਰ ਤਰਾਂ ਦੀ ਅਗਵਾਈ ਤੇ ਸਹਿਯੋਗ ਮਿਲ ਰਿਹਾ ਹੈ ਅਤੇ ਅਸੀਂ ਆਪਣਾ ਕੰਮ ਪੂਰਾ ਤਨਦੇਹੀ ਨਾਲ ਕਰ ਰਹੇ ਹਾਂ। ਉਨਾਂ ਦੱਸਿਆ ਕਿ ਸਰੋਵਰ ਦੀ ਸਫ਼ਾਈ ਦਾ ਕੰਮ ਵੀ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ।