ਬਾਸਮਤੀ ਦੀ ਫਸਲ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਬੀਜ ਅਤੇ ਜੜ੍ਹਾਂ ਦੀ ਸੋਧ ਜ਼ਰੂਰੀ : ਡਾ. ਅਮਰੀਕ ਸਿੰਘ

  • ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਵਰਸੋਲਾ ਵਿਚ ਕਿਸਾਨ ਜਾਗਰੂਕਤਾ ਕੈੰਪ ਦਾ ਆਯੋਜਨ

ਗੁਰਦਾਸਪੁਰ, 27 ਮਈ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਬਲਾਕ ਗੁਰਦਾਸਪੁਰ ਦੇ ਪਿੰਡ ਵਰਸੋਲਾ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਵੱਲੋਂ ਕੀਤੀ ਗਈ। ਮਨਜੀਤ ਕੌਰ ਖੇਤੀਬਾੜੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਲਗਾਏ ਗਏ ਇਸ ਕਿਸਾਨ ਜਾਗਰੂਕਤਾ ਕੈਂਪ ਵਿਚ ਡਾ. ਰਣਧੀਰ ਸਿੰਘ, ਡਾ. ਹੀਰਾ ਸਿੰਘ  ਖੇਤੀਬਾੜੀ ਅਫ਼ਸਰ, ਡਾ. ਸੰਦੀਪ ਸਿੰਘ ਡਿਪਟੀ ਪੀ ਡੀ, ਡਾ.ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਜਗਮੀਤ  ਸਿੰਘ ਬੀ ਟੀ ਐਮ, ਹੋਰ ਸਟਾਫ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਕੈਂਪ ਵਿਚ ਹਾਜ਼ਰ ਕਿਸਾਨਾਂ ਨੂੰ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨਾਲ ਭਵਿੱਖ ਦੀ ਖੇਤੀ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕੁਝ ਕਿਸਾਨਾਂ ਵਲੋਂ ਖੇਤਾਂ ਵਿਚ ਦੇਸੀ ਰੂੜ੍ਹੀ ਖਾਦ ਪਾਉਣ ਤੋਂ ਬਾਅਦ ਖੁੱਲੇ ਵਿਚ ਰਹਿਣ ਦਿੱਤਾ ਜਾਂਦਾ ਹੈ ਜਿਸ ਕਾਰਨ ਰੂੜ੍ਹੀ ਵਿਚ ਮੌਜੂਦ ਖੁਰਾਕੀ ਤੱਤਾਂ ਦਾ ਨੁਕਸਾਨ ਹੋ ਜਾਂਦਾ ਹੈ, ਇਸ ਲਈ ਖੇਤਾਂ ਵਿਚ ਰੂੜ੍ਹੀ ਖਾਦ ਪਾਉਣ ਤੋਂ ਬਾਅਦ ਵਾਹ ਕੇ ਪਾਣੀ ਲਗਾ ਦੇਣ ਚਾਹੀਦਾ ਹੈ। ਡਾ. ਅਮਰੀਕ ਸਿੰਘ ਨੇ ਅੱਗੇ ਕਿਹਾ ਕਿ ਬਾਸਮਤੀ ਦੀ ਫ਼ਸਲ ਦੇ ਸਫਲ ਉਤਪਾਦਨ ਵਿੱਚ ਪੈਰਾਂ ਦੇ ਗਲਣ ਦੇ ਰੋਗ (ਝੰਡਾ ਰੋਗ) ਵੱਡੀ ਸਮੱਸਿਆ ਹੈ।ਇਸ ਲਈ ਇਸ ਰੋਗ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪਨੀਰੀ ਦੀ ਬਿਜਾਈ ਸਿਫਾਰਸ਼ ਕੀਤੇ ਸਮੇਂ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਹਤਮੰਦ ਫਸਲ ਦੀ ਕਾਸਤ ਲਈ ਜ਼ਰੂਰੀ ਹੈ ਕਿ ਉਸ ਫਸਲ ਦਾ ਬੀਜ ਸ਼ੁੱਧ ਅਤੇ ਉੱਚ ਮਿਆਰ ਦਾ ਹੋਵੇ ਤਾਂ ਜੋ ਬਾਅਦ ਵਿੱਚ ਆਉਣ ਵਾਲੀਆਂ ਕਿਸੇ ਵੀ ਤਰਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਸਮਤੀ ਦਾ ਬੀਜ ਕਿਸੇ ਭਰੋਸੇਯੋਗ ਅਦਾਰਿਆਂ ਜਿਵੇਂ ਪਨਸੀਡ, ਪੀ ਏ ਯੂ, ਇਫਕੋ, ਕਰਿਭਕੋ, ਐਨ ਐਫ ਐਲ ਜਾਂ ਲਾਇਸੰਸ਼ਧਾਰੀ ਖੇਤੀ ਸਮੱਗਰੀ ਵਿਕ੍ਰੇਤਾਵਾਂ ਤੋਂ ਹੀ ਖ੍ਰੀਦਿਆ ਜਾਵੇ। ਉਨਾਂ ਕਿਹਾ ਕਿ ਬੀਜ ਦੀ ਖਰੀਦ ਕਰਨ ਉਪਰੰਤ ਖਰੀਦ ਬਿੱਲ ਡੀਲਰ ਤੋਂ ਜ਼ਰੂਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਫਸਲ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਬੀਜ ਅਤੇ ਜੜ੍ਹਾਂ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਝੋਨੇ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਸਲ ਨੂੰ ਬਿਮਾਰੀਆਂ ਅਤੇ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਜ਼ਰੁਰੀ ਹੈ ਕਿ ਖਾਦਾਂ ਦੀ ਸਿਫਾਰਸ਼ਾਂ ਅਨੁਸਾਰ ਹੀ ਵਰਤੋਂ ਕੀਤੀ ਜਾਵੇ।। ਇਸ ਮੌਕੇ ਡਾ. ਦਿਲਰਾਜ ਸਿੰਘ ਨੇ ਪੀ ਐਮ ਕਿਸਾਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਪੇਸ਼ ਸਮੱਸਿਆਵਾਂ ਦੇ ਹੱਲ ਬਾਰੇ  ਜਾਣਕਾਰੀ ਦਿੰਦਿਆਂ ਕਿਹਾ ਜਿਨਾਂ ਕਿਸਾਨਾਂ ਦੀ ਜ਼ਮੀਨ ਦਾ ਰਿਕਾਰਡ ਪੋਰਟਲ ਤੇ ਦਰੁਸਤ ਨਹੀਂ ਹੋਇਆ ਉਹ ਆਪਣਾ ਅਧਾਰ ਕਾਰਡ ਅਤੇ ਜਮਾਂਬੰਦੀ ਖੇਤੀਬਾੜੀ ਦਫਤਰਾਂ ਵਿੱਚ ਜਮ੍ਹਾਂ ਕਰਵਾਉਣ ਤਾਂ ਜੋ ਜ਼ਮੀਨ ਦਾ ਰਿਕਾਰਡ ਦਰੁਸਤ ਕੀਤਾ ਜਾ ਸਕੇ। ਡਾ. ਮਨਜੀਤ ਕੌਰ  ਅਤੇ ਡਾ. ਜਗਮੀਤ ਸਿੰਘ ਨੇ ਸਾਉਣੀ ਦੀਆਂ ਫਸਲਾਂ ਵਿਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ’ਤੇ ਕਰਨ ਦੀ ਅਪੀਲ ਕੀਤੀ।