ਡਿਪਟੀ ਕਮਿਸ਼ਨਰ ਵੱਲੋਂ ਵਿਭਾਗਾਂ ਦੀ ਕਾਰਗੁਜ਼ਾਰੀ ਬਾਰੇ ਜਿਲ੍ਹਾ ਮੁਖੀਆਂ ਨਾਲ ਮੀਟਿੰਗਾਂ

  • ਕੰਮ ਨੂੰ ਪਾਰਦਰਸ਼ੀ ਢੰਗ ਅਤੇ ਸਮੇਂ ਸਿਰ ਪੂਰੇ ਕਰਨ ਦੀਆਂ ਹਦਾਇਤਾਂ

ਤਰਨ ਤਾਰਨ, 30 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਅਧਿਐਨ ਕਰਨ ਲਈ ਸਾਰੇ ਵਿਭਾਗਾਂ ਦੇ ਜਿਲ੍ਹਾ ਮੁਖੀਆਂ ਨਾਲ ਵਿਸਥਾਰਤ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦਾ ਇਹ ਦੌਰ ਸਵੇਰ ਤੋਂ ਸ਼ੁਰੂ ਹੋ ਕੇ ਬਾਅਦ ਦੁਪਿਹਰ ਤੱਕ ਜਾਰੀ ਰਿਹਾ। ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੇ ਆਸ਼ੇ ਅਨੁਸਾਰ ਕੋਈ ਵੀ ਕੰਮ ਲੋਕ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੇ ਪਾਰਦਰਸ਼ੀ ਢੰਗ ਅਨੁਸਰ ਸਮਾਂ ਸੀਮਾ ਦੇ ਵਿਚ ਰਹਿ ਕੇ ਪੂਰਾ ਕੀਤਾ ਜਾਵੇ, ਤਾਂ ਜੋ ਉਸ ਕੰਮ ਦਾ ਲਾਹਾ ਲੋਕਾਂ ਨੂੰ ਮਿਲ ਸਕੇ। ਉਨਾਂ ਸ਼ਹਿਰਾਂ ਅਤੇ ਪਿੰਡਾਂ ਦੇ ਨਾਗਰਿਕਾਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹਰ ਸੁਵਿਧਾ ਦਾ ਵੇਰਵਾ ਲਿਆ ਅਤੇ ਜਿਲ੍ਹੇ ਵਿਚ ਉਸ ਸਕੀਮ ਦਾ ਕੀ ਹਾਲ ਹੈ, ਲੋਕਾਂ ਦਾ ਇਸ ਪ੍ਰਤੀ ਰੁਝਾਨ ਹੈ ਆਦਿ ਬਾਰੇ ਵੀ ਜਾਣਿਆ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਭਾਗ ਦੇ ਅਧਿਾਕਾਰੀ ਨੂੰ ਸਰਕਾਰ ਵੱਲੋਂ ਦਿੱਤੇ ਹੋਏ ਪ੍ਰੋਜੈਕਟ ਨੂੰ ਪੂਰਾ ਕਰਨ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤਰੁੰਤ ਮੇਰੇ ਧਿਆਨ ਵਿਚ ਲਿਆਵੇ, ਤਾਂ ਜੋ ਸਮੇਂ ਸਿਰ ਉਸ ਦਾ ਹੱਲ ਕੱਢਿਆ ਜਾ ਸਕੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਦੀ ਸ਼ੁਧਤਾ ਤੇ ਆਲੇ ਦੁਆਲੇ ਦੀ ਸਫ਼ਾਈ ਪ੍ਰਤੀ ਉਚੇਚਾ ਧਿਆਨ ਦੇਣ ਦੀ ਹਦਾਇਤ ਵੀ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨਸੁਾਰ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਸਾਰੇ ਐਸ ਡੀ ਐਮ ਤਹਿਸੀਲ ਪੱਧਰ ਉਤੇ ਹਰ ਮਹੀਨੇ ਦੋ-ਦੋ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਿਕਲਾਂ ਸੁਣਨ ਤੇ ਉਨਾਂ ਦਾ ਹੱਲ ਕਰਨ। ਉਨਾਂ ਕਿਹਾ ਕਿ ਉਕਤ ਅਧਿਕਾਰੀ ਆਪਣੇ ਆਪਣੇ ਇਲਾਕੇ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ ਵੀ ਨਾਲ-ਨਾਲ ਕਰਦੇ ਰਹਿਣ ਤਾਂ ਜੋ ਕੰਮ ਦੀ ਗੁਣਵੱਤਾ ਤੇ ਉਸਦੇ ਸਮੇਂ ਸਿਰ ਪੂਰੇ ਹੋਣ ਵਿਚ ਕੋਈ ਸਮੱਸਿਆ ਨਾ ਆਵੇ। ਮੀਟਿੰਗ ਵਿਚ ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਥਾਂ ਉਨਾਂ ਦੇ ਜੂਨੀਅਰ ਅਧਿਕਾਰੀ ਆਏ ਹੋਣ ਦਾ ਗੰਭੀਰ ਨੋਟਿਸ ਲੈਂਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਹਦਾਇਤ ਕੀਤੀ ਕਿ ਮਹੀਨੇ ਵਿਚ ਇਕ ਵਾਰ ਕੀਤੀ ਜਾਣ ਵਾਲੀ ਇਸ ਮੀਟਿੰਗ ਵਿਚ ਕੋਈ ਵੀ ਅਧਿਕਾਰੀ ਮੇਰੇ ਤੋਂ ਪਹਿਲਾਂ ਪ੍ਰਵਾਨਗੀ ਲਏ ਬਿਨਾਂ ਕਿਸੇ ਹੋਰ ਅਧਿਕਾਰੀ ਨੂੰ ਮੀਟਿੰਗ ਵਿਚ ਨਾ ਭੇਜੇ। ਉਨਾਂ ਕਿਹਾ ਕਿ ਕਦੇ ਵੀ ਕੋਈ ਇਕ ਵਿਭਾਗ ਆਪਣਾ ਕੰਮ ਇਕੱਲੇ ਕਰ ਸਕਣ ਦੇ ਸਮਰੱਥ ਨਹੀਂ ਹੁੰਦਾ, ਉਸਨੂੰ ਆਪਣੇ ਕੰਮ ਲਈ ਕਈ ਵਿਭਾਗਾਂ ਨਾਲ ਤਾਲਮੇਲ ਕਰਨਾ ਪੈਂਦਾ ਹੈ, ਇਸ ਲਈ ਜਰੂਰੀ ਹੈ ਕਿ ਸਾਰੇ ਵਿਭਾਗ ਜਿਲ੍ਹੇ ਦੇ ਕੰਮਾਂ ਲਈ ਇਕ ਟੀਮ ਹੋ ਕੇ ਕੰਮ ਕਰਨ, ਤਾਂ ਜੋ ਕਿਸੇ ਵੀ ਵਿਭਾਗ ਨੂੰ ਕੋਈ ਸਮੱਸਿਆ ਨਾ ਆਵੇ। ਇਸ ਮੌਕੇ ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਆਰ ਟੀ ਏ ਸ. ਅਰਸ਼ਦੀਪ ਸਿੰਘ, ਤਹਿਲੀਦਾਰ, ਨਾਇਬ ਤਹਿਸੀਲਦਾਰ, ਵੱਖ-ਵੱਖ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰ ਅਤੇ ਜਿਲ੍ਹਾ ਮੁਖੀ ਹਾਜ਼ਰ ਸਨ।