ਬਟਾਲਾ ਦਾ ਵਿਕਾਸ ਪੱਖੋਂ ਨਕਸ਼ਾ ਬਦਲਿਆ ਜਾਵੇਗਾ-ਵਿਧਾਇਕ ਸ਼ੈਰੀ ਕਲਸੀ

  • ਵਿਧਾਇਕ ਸ਼ੈਰੀ ਕਲਸੀ ਨੇ ਫਤਿਹਗੜ੍ਹ ਚੂੜੀਆਂ ਚੌਂਕ ਬਟਾਲਾ ਤੋਂ ਅੰਮ੍ਰਿਤਸਰ ਚੌਂਕ ਬਟਾਲਾ ਤੱਕ ਬਾਈਪਾਸ ਨੂੰ ਚੌੜਿਆ ਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰਵਾਇਆ

ਬਟਾਲਾ, 20 ਜੂਨ 2024 : ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਸੋਚ ਦੇ ਧਾਰਨੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦਾ ਵਿਕਾਸ ਪੱਖੋ ਨਕਸ਼ਾ ਬਦਲਿਆ ਜਾਵੇਗਾ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪੁਜਦਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਅੱਜ ਉਨਾਂ ਬਟਾਲਾ ਸ਼ਹਿਰ ਵਿਖੇ ਵਿਕਾਸ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਬਟਾਲਾ ਸ਼ਹਿਰ ਦੀਆਂ ਵੱਖ ਵੱਖ ਸਖ਼ਸੀਅਤਾਂ ਦੀ ਮੌਜੂਦਗੀ ਵਿੱਚ ਫਤਿਹਗੜ੍ਹ ਚੂੜੀਆਂ ਚੌਂਕ ਬਟਾਲਾ ਤੋਂ ਅੰਮ੍ਰਿਤਸਰ ਚੌਂਕ ਬਟਾਲਾ ਤੱਕ ਬਾਈਪਾਸ ਨੂੰ ਚੌੜਿਆ ਅਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰਵਾਉਣ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਗੁਣਵੱਤਾ ਭਰਪੂਰ ਕੀਤੇ ਜਾਣ ਅਤੇ ਰੋਜ਼ਾਨਾ ਕੀਤੇ ਕੰਮ ਦੀ ਅਪਡੇਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕ ਹਿੱਤ ਵਿੱਚ ਵਿਕਾਸ ਕੰਮ ਜਾਰੀ ਨਿਰੰਤਰ ਜਾਰੀ ਰਹਿਣਗੇ।  ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਬਟਾਲਾ ਹਲਕੇ ਦਾ ਸਰਬਪੱਖੀ ਵਿਕਾਸ ਕਾਰਜ ਕਰਵਾਇਆ ਗਿਆ ਹੈ ਅਤੇ ਖਾਸਕਰਕੇ ਬਟਾਲਾ ਸ਼ਹਿਰ ਦੇ ਵਿਕਾਸ ਅਤੇ  ਸੁੰਦਰੀਕਰਨ ਲਈ ਵਿਸ਼ੇਸ ਯਤਨ ਕੀਤੇ ਗਏ ਹਨ। ਉਨਾਂ ਦੱਸਿਆ ਕਿ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਲੰਧਰ ਰੋਡ ਬਾਈਪਾਸ ਤੋਂ ਹੰਸਲੀ ਪੁਲ ਤੱਕ, ਉਸਮਾਨਪੁਰ ਸਿਟੀ (ਬਟਾਲਾ ਬਾਈਪਾਸ) ਤੋਂ ਅੰਮ੍ਰਿਤਸਰ ਬਾਈਪਾਸ ਰੋਡ ਤੱਕ, ਗਾਂਧੀ ਚੌਂਕ ਤੋਂ ਡੇਰਾ ਬਾਬਾ ਨਾਨਕ ਬਾਈਪਾਸ ਤੱਕ ਸੜਕ ਦੀ ਚੌੜਾਈ ਦਾ ਕੰਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ ਵੱਖ ਸਹੂਲਤਾਂ ਦੇਣ ਦੇ ਮਕਸਦ ਨਾਲ ਤਹਿਸੀਲ ਕੰਪਲੈਕਸ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ ਗਏ ਹਨ ਅਤੇ ਲੋਕਾਂ ਨੂੰ ਸਿੱਖਿਆ, ਸਿਹਤ, ਬਿਜਲੀ ਸਮੇਤ ਵੱਖ ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਮੌਕੇ ਹਰਜੋਤ ਸਿੰਘ ਐਕਸੀਅਨ ਪੀ.ਡਬਲਿਊ.ਡੀ ਵਿਭਾਗ, ਚੇਅਰਮੈਨ ਸੁਖਜਿੰਦਰ ਸਿੰਘ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਐਸ.ਡੀ.ਓ ਨਿਰਮਲ ਸਿੰਘ, ਮੁਨੀਸ਼ ਕੈਲਾਸ਼ ਫਾਉਂਡਰੀ, ਅਮਰਜੀਤ ਸਿੰਘ, ਸਟੀਲ ਕੱਟ ਵਾਲੇ, ਕਸ਼ਮੀਰ ਸਿੰਘ ਵਾਹਲਾ, ਤਵਿੰਦਰ ਸਿੰਘ, ਤੇਗ ਸਿੰਘ, ਹਰਪਾਲ ਸਿੰਘ ਖਾਲਸਾ, ਇੰਦਰ ਸਿੰਘ ਨਾਗਪਾਲ, ਰਣਜੀਤ ਸਿੰਘ, ਅਮਨਦੀਪ ਸਿੰਘ ਟਿੰਕੂ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੋਜੂਦ ਸਨ।--