ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੂਰੂਆਤ

  • ਮਾਨਸੂਨ ਸ਼ੀਜਨ ਦੌਰਾਨ ਜ਼ਿਲ੍ਹਾ ਤਰਨਤਾਰਨ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ 8 ਲੱਖ ਤੋਂ ਵੱਧ ਬੂਟੇ

ਤਰਨ ਤਾਰਨ, 01 ਜੁਲਾਈ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਅੱਜ ਤਰਨ ਤਾਰਨ-ਹਰੀਕੇ ਰੋਡ ‘ਤੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੂਰੂਆਤ ਕੀਤੀ ਗਈ।ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ, ਸ੍ਰੀ ਅਮਨੀਤ ਸਿੰਘ ਡੀ. ਐੱਫ਼. ਓ., ਵਣ ਅਫ਼ਸਰ ਸ੍ਰੀ ਮਨਜਿੰਦਰ ਸਿੰਘ, ਦਵਿੰਦਰ ਸਿੰਘ, ਵਣ ਗਾਰਡ ਸ੍ਰੀ ਹਰਚੰਦ ਸਿੰਘ ਅਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਰਾਕੇਸ਼ ਕੁਮਾਰ ਯਾਦਵ, ਸ੍ਰੀ ਅਰੁਣ ਅਹੂਜਾ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਤਰਨ ਤਾਰਨ-ਹਰੀਕੇ ਰੋਡ (ਨੈਸ਼ਨਲ ਹਾਈਵੇ-54) ‘ਤੇ ਹਰੀਕੇ ‘ਤੇ  ਲੱਗਭੱਗ 27000 ਬੂਟੇ ਲਗਾਏ ਜਾਣਗੇ।ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੁਹੰਝਣਾ, ਕਚਨਾਰ, ਸਿਲਵਰ ਓਕ, ਅਰਜਨ, ਨਿੰਮ, ਸ਼ੀਸ਼ਮ ਅਤੇ ਜਾਮਣ ਆਦਿ ਦੇ ਬੂਟੇ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਮਾਨਸੂਨ ਸ਼ੀਜਨ ਦੌਰਾਨ ਜ਼ਿਲ੍ਹਾ ਤਰਨਤਾਰਨ ਵਿੱਚ ਵੱਖ-ਵੱਖ ਥਾਵਾਂ ‘ਤੇ 8 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।ਉਹਨਾਂ ਕਿਹਾ ਕਿ ਇਨ੍ਹਾਂ ਬੂਟਿਆਂ ਨਾਲ ਵਾਤਾਵਰਨ ਸਾਫ਼-ਸੁਥਰਾ ਰਹੇਗਾ ਤੇ ਭਵਿੱਖ ਵਿੱਚ ਗਰਮੀ ਤੋਂ ਰਾਹਤ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਲਾਹੇਵੰਦ ਹੋਣਗੇ। ਡਿਪਟੀ ਨੇ ਕਿਹਾ ਕਿ ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਇਸ ਸੀਜ਼ਨ ਦੌਰਾਨ ਜਿਲ੍ਹਾ ਤਰਨ ਤਾਰਨ ਵਿੱਚ ਪਲਾਂਟੇਸ਼ਨ ਕਰਵਾਉਣ ਲਈ ਜਿਲ੍ਹੇ ਦੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ।ਉਹਨਾਂ ਕਿਹਾ ਕਿ ਸਮੂਹ ਵਿਭਾਗਾਂ ਦੇ ਮੁਖੀ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਹਰੇਕ ਖਾਲੀ ਥਾਂ ਭਾਵ ਸਰਕਾਰੀ ਇਮਾਰਤਾਂ  ਵਿੱਚ, ਹਸਤਪਤਾਲਾਂ, ਸਕੂਲਾਂ, ਪੰਚਾਇਤੀ ਜ਼ਮੀਨ ਤੇ ਸੜਕਾਂ ਦੇ ਕਿਨਾਰੇ ਆਦਿ ‘ਤੇ ਵੱਧ ਤੋਂ ਵੱਧ ਬੂਟੇ ਲਗਾਉਣਾ ਯਕੀਨੀ ਬਣਾਉਣਗੇ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਦੀਆਂ ਜ਼ਮੀਨਾਂ ਨਾਲ ਲੱਗਦੀਆਂ ਸੜਕਾਂ ਦੇ ਬਰਮਾਂ ਉੱਪਰ ਲਗਾਏ ਗਏ ਬੂਟਿਆਂ ਨੂੰ ਬਚਾਉਣ ਲਈ ਪੂਰਨ ਸਹਿਯੋਗ ਦੇਣ।