ਆਯੂਸ਼ਮਾਨ ਕਾਰਡ ਬਣਵਾਓ, 1 ਲੱਖ ਰੁਪਏ ਦਾ ਨਗਦ ਇਨਾਮ ਪਾਓ : ਡਾ. ਹਿਮਾਂਸ਼ੂ ਅਗਰਵਾਲ

  • 4 ਦਸੰਬਰ 2023 ਨੂੰ ਖੁੱਲ੍ਹੇਗਾ ਲੱਕੀ ਡਰਾਅ
  • ਹਰ ਸਾਲ ਪੂਰੇ ਪਰਿਵਾਰ ਲਈ 5 ਲੱਖ ਰੁਪਏ ਤੱਕ ਦੀ ਮਿਲੇਗੀ ਮੁਫ਼ਤ ਸਿਹਤ ਸਹੂਲਤ 

ਗੁਰਦਾਸਪੁਰ, 20 ਅਕਤੂਬਰ : ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ’ਚ ਵਾਧਾ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਲਈ ਦੀਵਾਲੀ ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ਤੇ ਦੀਵਾਲੀ ਬੰਪਰ ਡਰਾਅ ਕੱਢਿਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਟੇਟ ਹੈਲਥ ਏਜੰਸੀ, ਪੰਜਾਬ ਵੱਲੋਂ 30 ਨਵੰਬਰ 2023 ਤੱਕ ਕਾਰਡ ਬਣਵਾਉਣ ਵਾਲੇ ਸਾਰੇ ਲਾਭਪਾਤਰੀਆਂ ਵਿਚ ਲੱਕੀ ਡਰਾਅ ਦੇ ਜਰੀਏ 10 ਲੋਕਾਂ ਨੂੰ ਨਗਦ ਇਨਾਮ ਦਿੱਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਲੱਕੀ ਡਰਾਅ ਵਿੱਚ ਪਹਿਲਾ ਇਨਾਮ 1 ਲੱਖ ਰੁਪਏ ਦਾ ਹੋਵੇਗਾ ਜਦਕਿ ਦੂਜਾ ਇਨਾਮ 50 ਹਜ਼ਾਰ, ਤੀਜਾ ਇਨਾਮ 25 ਹਜ਼ਾਰ, ਚੌਥਾ ਇਨਾਮ 10 ਹਜ਼ਾਰ, ਪੰਜਵਾਂ ਇਨਾਮ 8 ਹਜ਼ਾਰ ਛੇਵੇਂ ਤੋਂ ਦਸਵਾਂ ਇਨਾਮ 5 ਹਜ਼ਾਰ ਰੁਪਏ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਲੱਕੀ ਡਰਾਅ ਖੁੱਲਣ ਦੀ ਮਿਤੀ 4 ਦਸੰਬਰ 2023 ਹੋਵੇਗੀ। ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਡ ’ਤੇ ਹਰ ਸਾਲ ਪੂਰੇ ਪਰਿਵਾਰ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਹੈ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਕਾਰਡ ਲਾਭਪਾਤਰੀ ਹੁਣ ਖੁਦ ਘਰ ਬੈਠੇ “ਆਯੂਸ਼ਮਾਨ ਐੱਪ” ਰਾਹੀਂ ਵੀ ਬਣਾ ਸਕਦੇ ਹਨ ਜਾਂ ਕਾਰਡ ਬਣਵਾਉਣ ਲਈ ਨਜ਼ਦੀਕੀ ਆਸ਼ਾ ਵਰਕਰ ਜਾਂ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਤਹਿਤ ਸੂਬੇ ਭਰ ਦੇ 800 ਤੋਂ ਵੱਧ ਸਰਕਾਰੀ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ ਹਰੇਕ ਪਰਿਵਾਰ ਲਈ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਸੂਬੇ ਵਿੱਚ 44 ਲੱਖ ਤੋਂ ਵੱਧ ਪਰਿਵਾਰ ਇਸ ਸਕੀਮ ਦਾ ਲਾਭ ਲੈ ਰਹੇ ਹਨ ਜਿਸ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸਮੇਤ ਲਗਭਗ 1600 ਕਿਸਮਾਂ ਦੇ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਭਪਾਤਰੀ ਪਰਿਵਾਰਾਂ ਵਿੱਚ ਐੱਨ.ਐੱਫ.ਐੱਸ.ਏ. ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜ਼ਿਸਟਰਡ ਮਜ਼ਦੂਰ, ਰਜ਼ਿਸਟਰਡ ਛੋਟੇ ਵਪਾਰੀ, ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਸਮਾਜਿਕ-ਆਰਥਿਕ ਜਾਤੀ ਜਨਗਣਨਾ ਡੇਟਾ-2011 ਦੇ ਤਹਿਤ ਕਵਰ ਪਰਿਵਾਰ ਸ਼ਾਮਿਲ ਹਨ।