ਕਿਸਾਨਾਂ, ਸਵੈ ਸਹਾਇਤਾ ਸਮੂਹਾਂ ਦੇ ਨਾਲ ਆਮ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋ ਰਿਹਾ ਹੈ ‘ਸਰਕਾਰੀ ਕਮਿਊਨਿਟੀ ਕੇਨਿੰਗ ਸੈਂਟਰ’ ਗੁਰਦਾਸਪੁਰ

  • ਅਚਾਰ, ਮੁਰੱਬੇ, ਚਟਨੀਆਂ ਤੇ ਆਮਲਾ ਕੈਂਡੀ ਬਣਾਉਣ ਦੀ ਦਿੱਤੀ ਜਾਂਦੀ ਹੈ ਮੁਫ਼ਤ ਸਿਖਲਾਈ
  • ਨਾਮਾਤਰ ਫੀਸ ਦੇ ਕੇ ਕੋਈ ਵੀ ਵਿਅਕਤੀ ਇਸ ਸੈਂਟਰ ਵਿਚੋਂ ਅਚਾਰ, ਮੁਰੱਬੇ, ਚਟਨੀਆਂ ਤੇ ਆਮਲਾ ਕੈਂਡੀ ਬਣਵਾ ਸਕਦਾ ਹੈ

ਗੁਰਦਾਸਪੁਰ, 18 ਜੁਲਾਈ : ਡਿਪਟੀ ਡਾਇਰੈਕਟਰ ਬਾਗਬਾਨੀ, ਗੁਰਦਾਸਪੁਰ ਦੇ ਦਫ਼ਤਰ ਵਿਖੇ ਚੱਲ ਰਿਹਾ ‘ਸਰਕਾਰੀ ਕਮਿਊਨਿਟੀ ਕੇਨਿੰਗ ਸੈਂਟਰ’ ਕਿਸਾਨਾਂ, ਸਵੈ ਸਹਾਇਤਾ ਸਮੂਹਾਂ ਦੇ ਨਾਲ ਆਮ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋ ਰਿਹਾ ਹੈ। ਇਸ ਕਮਿਊਨਿਟੀ ਕੇਨਿੰਗ ਸੈਂਟਰ ਵਿੱਚ ਜਿਥੇ ਅਚਾਰ, ਮੁਰੱਬੇ, ਚਟਨੀਆਂ, ਆਮਲਾ ਕੈਂਡੀ ਬਣਾਉਣ ਦੀ ਮੁਫ਼ਤ ਸਿਖਲਾਈ ਹਾਸਲ ਕੀਤੀ ਜਾ ਸਕਦੀ ਹੈ ਓਥੇ ਕੋਈ ਵੀ ਵਿਅਕਤੀ ਆਪਣੇ ਕੋਲੋਂ ਸਮਾਨ ਲਿਆ ਕੇ ਏਥੇ ਬਹੁਤ ਹੀ ਵਾਜਬ ਕੀਮਤ ’ਤੇ ਅਚਾਰ, ਮੁਰੱਬੇ, ਚਟਨੀਆਂ, ਆਮਲਾ ਕੈਂਡੀ ਬਣਵਾ ਕੇ ਲਿਜਾ ਸਕਦਾ ਹੈ। ‘ਸਰਕਾਰੀ ਕਮਿਊਨਿਟੀ ਕੇਨਿੰਗ ਸੈਂਟਰ’ ਗੁਰਦਾਸਪੁਰ ਬਾਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਕਿਸਾਨਾਂ, ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ, ਅਤੇ ਆਮ ਲੋਕਾਂ ਨੂੰ ਅਚਾਰ, ਮੁਰੱਬੇ, ਚਟਨੀਆਂ ਅਤੇ ਆਮਲਾ ਕੈਂਡੀ ਬਣਾਉਣ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਖਲਾਈ 2 ਦਿਨ ਤੋਂ ਇੱਕ ਹਫ਼ਤੇ ਦੀ ਹੁੰਦੀ ਹੈ ਅਤੇ ਇਸ ਦੌਰਾਨ ਸਿਖਿਆਰਥੀਆਂ ਨੂੰ ਅਚਾਰ, ਮੁਰੱਬੇ, ਚਟਨੀਆਂ ਅਤੇ ਆਮਲਾ ਕੈਂਡੀ ਬਣਾਉਣ ਦੀ ਪਰੈਕਟੀਕਲੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਤੋਂ ਬਹੁਤ ਸਾਰੀਆਂ ਔਰਤਾਂ ਨੇ ਸਿਖਲਾਈ ਹਾਸਲ ਕਰਕੇ ਅਚਾਰ, ਮੁਰੱਬੇ, ਚਟਨੀਆਂ, ਆਮਲਾ ਕੈਂਡੀ ਬਣਾਉਣ ਦਾ ਆਪਣਾ ਕਿੱਤਾ ਸਫਲਤਾ ਨਾਲ ਚਲਾਇਆ ਹੈ। ਸ. ਬਾਜਵਾ ਨੇ ਦੱਸਿਆ ਕਿ ‘ਸਰਕਾਰੀ ਕਮਿਊਨਿਟੀ ਕੇਨਿੰਗ ਸੈਂਟਰ’ ਵਿੱਚ ਜਿਥੇ ਅਚਾਰ, ਮੁਰੱਬੇ, ਚਟਨੀਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਓਥੇ ਕੋਈ ਵੀ ਵਿਅਕਤੀ ਇਥੋਂ ਅਚਾਰ, ਮੁਰੱਬੇ, ਚਟਨੀਆਂ ਬਣਵਾ ਕੇ ਵੀ ਲਿਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਵਿਅਕਤੀ ਨੂੰ ਆਪਣੇ ਕੋਲੋਂ ਸਾਰਾ ਰਾਅ ਮਟੀਰੀਅਲ ਅਤੇ ਮਸਾਲੇ ਆਦਿ ਲਿਆਉਣੇ ਪੈਣਗੇ ਅਤੇ ਕਮਿਊਨਿਟੀ ਕੇਨਿੰਗ ਸੈਂਟਰ ਦੇ ਕਰਮਚਾਰੀਆਂ ਵੱਲੋਂ ਪ੍ਰਤੀ ਕਿਲੋ 5 ਰੁਪਏ ਫੀਸ ਲੈ ਕੇ ਉਸ ਵਿਅਕਤੀ ਨੂੰ ਅਚਾਰ, ਮੁਰੱਬੇ ਅਤੇ ਚਟਨੀ ਬਣਾ ਕੇ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਸਾਰਾ ਕੰਮ ਬਹੁਤ ਸਾਫ਼-ਸਫ਼ਾਈ ਨਾਲ ਕੀਤਾ ਜਾਂਦਾ ਹੈ ਅਤੇ ਅਚਾਰ, ਮੁਰੱਬੇ, ਤੇ ਚਟਨੀਆਂ ਦੀ ਕੁਆਲਟੀ ਬਹੁਤ ਵਧੀਆ ਹੁੰਦੀ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਤਜਿੰਦਰਪਾਲ ਸਿੰਘ ਬਾਜਵਾ ਨੇ ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਸਰਕਾਰੀ ਕਮਿਊਨਿਟੀ ਕੇਨਿੰਗ ਸੈਂਟਰ’ ਗੁਰਦਾਸਪੁਰ ਤੋਂ ਅਚਾਰ, ਮੁਰੱਬੇ, ਆਮਲਾ ਕੈਂਡੀ ਤੇ ਚਟਨੀਆਂ ਬਣਾਉਣ ਦੀ ਮੁਫ਼ਤ ਸਿਖਲਾਈ ਹਾਸਲ ਕਰਕੇ ਇਸਨੂੰ ਸਹਾਇਕ ਕਿੱਤੇ ਵਜੋਂ ਅਪਨਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡਿਪਟੀ ਡਾਇਰੈਕਟਰ ਬਾਗਬਾਨੀ, ਗੁਰਦਾਸਪੁਰ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।