ਦੁਬਈ ਤੋਂ ਆਏ ਯਾਤਰੀਆਂ ਕੋਲੋਂ 42 ਲੱਖ ਦਾ ਸੋਨਾ ਅਤੇ 59 ਆਈਫੋਨ ਕੀਤੇ ਬਰਾਮਦ 

ਅੰਮ੍ਰਿਤਸਰ, 03 ਦਸੰਬਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਡਾ ਅੰਮ੍ਰਿਤਸਰ 'ਤੇ ਕਸਟਮ ਅਧਿਕਾਰੀਆਂ ਨੇ 4 ਯਾਤਰੀਆਂ ਕੋਲੋਂ 650 ਗ੍ਰਾਮ ਤੋਂ ਵੱਧ 24 ਕੈਰਟ ਸੋਨਾ ਅਤੇ 59 ਆਈਫੋਨ ਜ਼ਬਤ ਕੀਤੇ ਹਨ। ਸ਼ਨੀਵਾਰ ਨੂੰ ਜ਼ਬਤੀਆਂ ਦੇ ਵੇਰਵੇ ਦਿੰਦੇ ਹੋਏ, ਕਸਟਮ ਦੇ ਸੰਯੁਕਤ ਕਮਿਸ਼ਨਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਸਟਾਫ਼ ਨੇ ਏਅਰ ਇੰਡੀਆ ਦੀ ਉਡਾਣ IX 138 ਰਾਹੀਂ ਸ਼ਾਰਜਾਹ ਤੋਂ ਆ ਰਹੇ ਇੱਕ ਯਾਤਰੀ ਨੂੰ ਰੋਕਿਆ। ਡੂੰਘਾਈ ਨਾਲ ਖੋਜ ਕਰਨ ਤੋਂ ਬਾਅਦ, ਇਹ ਸਾਹਮਣੇ ਆਇਆ ਕਿ ਯਾਤਰੀ ਨੇ ਬੜੀ ਸਮਝਦਾਰੀ ਨਾਲ ਆਪਣੇ ਗੁਦਾ ਵਿਚ ਅੰਡਾਕਾਰ ਆਕਾਰ ਦੇ ਤਿੰਨ ਕੈਪਸੂਲ ਛੁਪਾ ਲਏ ਸਨ, ਜਿਸ ਵਿਚ ਲਗਭਗ 924 ਗ੍ਰਾਮ ਵਜ਼ਨ ਦਾ ਇੱਕ ਪੇਸਟ ਰੂਪ ਵਿਚ ਸੋਨਾ ਸੀ। ਕੱਢਣ 'ਤੇ, ਸੋਨੇ ਦਾ ਸ਼ੁੱਧ ਵਜ਼ਨ 652 ਗ੍ਰਾਮ ਸੀ, ਜਿਸ ਦੀ ਅੰਦਾਜ਼ਨ ਬਾਜ਼ਾਰੀ ਕੀਮਤ ਲਗਭਗ 42 ਲੱਖ ਰੁਪਏ ਹੈ। ਇੱਕ ਹੋਰ ਮਾਮਲੇ ਵਿਚ, ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ IX 192 ਵਿਚ ਸਵਾਰ ਹੋ ਕੇ ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਤਿੰਨ ਯਾਤਰੀਆਂ ਕੋਲੋਂ ਕੁੱਲ 59 ਆਈਫੋਨ ਬਰਾਮਦ ਕੀਤੇ ਗਏ। ਤਲਾਸ਼ੀ ਲੈਣ 'ਤੇ ਦੋ ਯਾਤਰੀਆਂ ਕੋਲ 22-22 ਆਈਫੋਨ ਅਤੇ ਇਕ ਯਾਤਰੀ 15 ਆਈਫੋਨ ਲੈ ਕੇ ਜਾ ਰਿਹਾ ਸੀ, ਜਿਸ ਦੀ ਕੀਮਤ 87 ਲੱਖ ਰੁਪਏ ਹੈ। ਜੋਗਿੰਦਰ ਨੇ ਦੱਸਿਆ ਕਿ ਕਸਟਮ ਐਕਟ 1962 ਦੀ ਧਾਰਾ 110 ਤਹਿਤ ਸੋਨਾ ਅਤੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਹਨ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।