“ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ…ਪਰ ਪਰਚੇ ਬੱਚਿਆਂ ‘ਤੇ ਹੋ ਰਹੇ ਹਨ : ਬਿਕਰਮ ਮਜੀਠੀਆ

ਅੰਮ੍ਰਿਤਸਰ : ਪੰਜਾਬ ਵਿੱਚ ਗੰਨ ਕਲਚਰ ਦੇ ਖਿਲਾਫ਼ ਸਖ਼ਤਾਈ ਤੋਂ ਬਾਅਦ ਅੰਮ੍ਰਿਤਸਰ ਵਿੱਚ ਨਾਬਾਲਿਗ ਬੱਚੇ ‘ਤੇ ਐਫ.ਆਰ.ਆਈ. ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕਸਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਮੁੱਖ ਮੰਤਰੀਭਗਵੰਤ ਮਾਨ ਦੀ ਹਥਿਆਰ ਫੜ੍ਹੇ ਦੀ ਤਸਵੀਰ ਨੂੰ ਟਵੀਟ ਕੀਤਾ ਹੈ। ਉਨ੍ਹਾਂ ਨੇ ਤਸਵੀਰ ਨਾਲ ਤੰਜ ਕਸਦਿਆਂ ਕੁਝ ਲਾਈਨਾਂ ਵੀ ਲਿਖੀਆਂ ਹਨ। ਮਜੀਠੀਆ ਨੇ ਮੁੱਖ ਮੰਤਰੀ ਮਾਨ ਦੀ ਇੱਕ ਬਹੁਤ ਪੁਰਾਣੀ ਤਸਵੀਰ ਨੂੰ ਟਵੀਟ ਕੀਤਾ ਹੈ। ਇਸ ਤਸਵੀਰ ਵਿੱਚ ਭਗਵੰਤ ਮਾਨ ਦੋਨਾਲੀ ਫੜ੍ਹੇ ਫਾਇਰ ਕਰਦੇ ਨਜ਼ਰ ਆ ਰਹੇ ਹਨ। ਟਵੀਟ ਵਿੱਚ ਮਜੀਠੀਆ ਨੇ ਮੁੱਖ ਮੰਤਰੀ ਮਾਨ ‘ਤੇ ਤੰਜ ਕਸਦਿਆਂ ਲਿਖਿਆ, “ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ…ਪਰ ਪਰਚੇ ਬੱਚਿਆਂ ‘ਤੇ ਹੋ ਰਹੇ ਹਨ। ਉਨ੍ਹਾਂ ਨੇ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਵੀ ਕੀਤਾ ਹੈ। ਗ਼ੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਇੱਕ ਨਾਬਾਲਿਗ ‘ਤੇ ਹਲਕਾ ਮਜੀਠਾ ਦੇ ਕੱਥੂਨੰਗਲ ਥਾਣੇ ਵਿੱਚ ਗੰਨ ਕਲਚਰ ਪ੍ਰਮੋਟ ਕਰਨ ਨੂੰ ਲੈ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ। ਹਾਲਾਂਕਿ ਉਹ ਤਸਵੀਰ ਪੁਰਾਣੀ ਸੀ। ਇੰਨਾ ਹੀ ਨਹੀਂ ਹਥਿਆਰ ਫੜ੍ਹੇ ਦੀ ਤਸਵੀਰ ਬੱਚੇ ਦੇ ਪਿਤਾ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਗਹੀਰੰ ਮਗਰੋਂ ਮਾਨ ਸਰਕਾਰ ਵੱਲੋਂ ਆਪਣੀ ਇਸ ਕਾਰਵਾਈ ਨੂੰ ਰੋਕ ਦਿੱਤਾ ਗਿਆ। ਇਸ ਕਾਰਵਾਈ ਨੂੰ ਰੋਕਦਿਆਂ ਮਾਨ ਸਰਕਾਰ ਵੱਲੋਂ ਸ਼ਨੀਵਾਰ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਅਗਲੇ ਤਿੰਨ ਦਿਨਾਂ ਯਾਨੀ ਕਿ ਮੰਗਲਵਾਰ ਸ਼ਾਮ ਤੱਕ ਪੰਜਾਬ ਪੁਲਿਸ ਹਥਿਆਰਾਂ ਨੂੰ ਲੈ ਕੇ ਕੋਈ ਐਫ.ਆਰ.ਆਈ. ਦਰਜ ਨਹੀਂ ਕਰੇਗੀ। ਮਾਨ ਸਰਕਾਰ ਵੱਲੋਂ ਲੋਕਾਂ ਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਗੰਨ ਕਲਚਰ ਪ੍ਰਮੋਟ ਕਰਨ ਵਾਲੀਆਂ ਤਸਵੀਰਾਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ।