ਕਿਸਾਨ ਔਰਤ ਨੂੰ ਪੁਲਿਸ ਵਾਲੇ ਨੇ ਮਾਰੇ ਥੱਪੜ, ਪੀੜਤ ਔਰਤ ਮੀਡੀਆ ਸਾਹਮਣੇ ਬਿਆਨ ਕੀਤਾ ਦਰਦ

ਗੁਰਦਾਸਪੁਰ, 18 ਮਈ : ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ ਵਿੱਚ ਇੱਕ ਔਰਤ ਨੂੰ ਪੁਲਿਸ ਕਾਂਸਟੇਬਲ ਵੱਲੋਂ ਥੱਪੜ ਮਾਰਨ ਤੋਂ ਬਾਅਦ ਪੀੜਤ ਔਰਤ ਨੇ ਮੀਡੀਆ ਸਾਹਮਣੇ ਆਉਂਦਿਆਂ ਕਿਹਾ ਕਿ ਉਸਦੇ ਪਤੀ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਜਦਕਿ ਉਸਦਾ ਪਤੀ ਪਹਿਲਾਂ ਹੀ ਦਿਲ ਦਾ ਮਰੀਜ਼ ਹੈ। ਜਦੋਂ ਔਰਤ ਨੇ ਪੁਲਸ ਮੁਲਾਜ਼ਮਾਂ ਨੂੰ ਆਪਣੇ ਪਤੀ ਦੀ ਕੁੱਟਮਾਰ ਕਰਨ ਤੋਂ ਰੋਕਿਆ ਤਾਂ ਇਸ ਦੌਰਾਨ ਇਕ ਪੁਲਸ ਮੁਲਾਜ਼ਮ ਨੇ ਉਸ ਨੂੰ ਥੱਪੜ ਮਾਰ ਦਿੱਤਾ। ਪੀੜਤ ਔਰਤ ਲਖਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਇੱਕ ਬੱਚਾ ਅਪਾਹਜ ਹੈ ਜਦਕਿ ਉਸਦਾ ਪਤੀ ਦਿਲ ਦਾ ਮਰੀਜ਼ ਹੈ। ਉਸ ਕੋਲ ਕੁੱਲ ਡੇਢ ਏਕੜ ਜ਼ਮੀਨ ਹੈ ਅਤੇ ਸਰਕਾਰ ਡੇਢ ਏਕੜ ਐਕੁਆਇਰ ਕਰ ਰਹੀ ਹੈ ਇਸ ਦੇ ਲਈ ਪ੍ਰਸ਼ਾਸਨ ਵੱਲੋਂ ਬਹੁਤ ਘੱਟ ਰੇਟ ਦਿੱਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਉਹ ਕਿਸਾਨ ਜੱਥੇ ਵੱਲੋਂ ਦਿੱਤੇ ਜਾ ਰਹੇ ਧਰਨੇ 'ਤੇ ਉਹ ਆਪਣੇ ਪਤੀ ਸਮੇਤ ਪੁੱਜੀ ਸੀ।ਜਿਸ ਦੌਰਾਨ ਪੁਲਿਸ ਵੱਲੋਂ ਉਸਦੇ ਪਤੀ ਨਾਲ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਉਸ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ। ਔਰਤ ਨੇ ਇਸ ਮਾਮਲੇ 'ਚ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।