ਤਰਨਤਾਰਨ ‘ਚ ਨਸ਼ੇ ਨੇ ਲਈ ਦੋ ਚਚੇਰੇ ਭਰਾਵਾਂ ਦੀ ਜਾਨ

ਤਰਨਤਾਰਨ, 11 ਅਗਸਤ : ਪੰਜਾਬ ਵਿੱਚ ਚਿੱਟੇ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ, ਚਿੱਟੇ ਕਾਰਨ ਰੋਜਾਨਾ ਕੋਈ ਨਾ ਕੋਈ ਨੌਜਵਾਨ ਇਸ ਦੀ ਭੇਂਟ ਚੜ੍ਹ ਕੇ ਮੌਤ ਦੇ ਮੂੰਹ ਜਾ ਰਿਹਾ ਹੈ। ਤਰਨਤਾਰਨ ਦੇ ਪਿੰਡ ਬੁਰਜ ਨੱਥੋਕੇ ‘ਚ ਨਸ਼ੇ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਰਿੰਦਰਬੀਰ ਸਿੰਘ (26) ਪੁੱਤਰ ਸਵ. ਰਣਜੀਤ ਸਿੰਘ ਜੋ ਤਕਰੀਬਨ ਡੇਢ ਸਾਲ ਪਹਿਲਾਂ ਦੁਬਈ ਤੋਂ ਪਿੰਡ ਵਾਪਸ ਆਇਆ ਸੀ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਆਪਣੀ ਦੋ ਏਕੜ ਜਮੀਨ ਤੇ ਖੇਤੀ ਕਰਦਾ ਸੀ, ਜੋ ਕੁੱਝ ਸਮਾਂ ਪਹਿਲਾਂ ਹੀ ਨਸ਼ੇ ਦਾ ਆਦੀ ਬਣ ਗਿਆ। ਜਿਸ ਦਾ ਉਸਦੇ ਪਰਿਵਾਰ ਵੱਲੋਂ ਨਸ਼ਾ ਛਡਵਾਉਣ ਦਾ ਇਲਾਜ ਵੀ ਕਰਵਾਇਆ ਗਿਆ ਸੀ। ਪਤਾ ਲੱਗਾ ਹੈ ਕਿ ਹਰਿੰਦਰਬੀਰ ਬਾਥਰੂਮ ਗਿਆ ਸੀ, ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਉਸਦੀ ਮਾਂ ਅਤੇ ਪਤਨੀ ਨੇ ਬਾਥਰੂਮ ਦਾ ਦਰਵਾਜਾ ਤੋੜਿਆ ਤਾਂ ਉਹ ਮੂੱਥੇ ਮੂੰਹ ਡਿੱਗਾ ਮਰਿਆ ਪਿਆ ਸੀ, ਪਤਾ ਲੱਗਾ ਹੈ ਕਿ ਉਸਨੇ ਨਸ਼ੇ ਦਾ ਟੀਕਾ ਲਗਾਇਆ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸੇ ਹੀ ਤਰ੍ਹਾਂ ਹਰਿੰਦਰਬੀਰ ਸਿੰਘ ਦੇ ਚਾਚਾ ਮਨਜੀਤ ਸਿੰਘ ਦਾ ਪੁੱਤਰ ਇੰਦਰਜੀਤ ਸਿੰਘ (34) ਜੋ ਤਕਰੀਬਨ 20 ਦਿਨ ਪਹਿਲਾਂ ਨਿਊਜੀਲੇਂਡ ਤੋਂ ਪੰਜਾਬ ਆਪਣੇ ਪਿੰਡ ਆਇਆ ਸੀ, ਇੰਦਰਜੀਤ ਸਿੰਘ ਘਰੋਂ ਅਜਨਾਲੇ ਆਪਣੇ ਨਾਨਕੇ ਪਿੰਡ ਨੂੰ ਗਿਆ ਸੀ, ਪਰ ਉਸਨੇ ਨਸ਼ੇ ਦਾ ਟੀਕਾ ਲਗਾਇਆ, ਜਿਸ ਨਾਲ ਉਸਦੀ ਵੀ ਮੌਤ ਹੋ ਗਈ। ਮ੍ਰਿਤਕ ਇੰਦਰਜੀਤ ਸਿੰਘ ਦੋ ਧੀਆਂ ਤੇ ਇੱਕ ਪੁੱਤਰ ਦਾ ਪਿਓ ਸੀ।