- ਯੋਜਨਾ ਦਾ ਲਾਭ ਉਠਾਉਣ ਲਈ ਯੋਗ ਲਾਭਪਾਤਰੀ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਵਿਖੇ ਜਾ ਕੇ ਪੀ. ਐੱਮ ਵਿਸ਼ਵਕਰਮਾ ਪੋਰਟਲ ‘ਤੇ ਕਰਵਾ ਸਕਦੇ ਹਨ ਰਜਿਸਟਰੇਸ਼ਨ
ਤਰਨ ਤਾਰਨ, 02 ਜਨਵਰੀ : ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸਬੰਧੀ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਹੋਈ।ਜਿਸ ਵਿੱਚ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ । ਇਸ ਮੌਕੇ ਜੀ. ਐੱਮ. ਇੰਡਸਟਰੀਜ਼ ਮਾਨਵਪ੍ਰੀਤ ਸਿੰਘ, ਡਾਇਰੈਕਟਰ ਐੱਮ. ਐੱਸ. ਐੱਮ. ਈ. ਡੀ. ਆਈ. ਲੁਧਿਆਣਾ ਵਰਿੰਦਰ ਸ਼ਰਮਾ ਅਤੇ ਐੱਲ. ਡੀ. ਐੱਮ. ਸ੍ਰੀ ਨਿਰਮਲ ਰਾਏ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਪੀ. ਐੱਮ. ਵਿਸ਼ਵਕਰਮਾ ਪੋਰਟਲ ‘ਤੇ ਦੋ ਦਿਨਾਂ ਅੰਦਰ ਆੱਨ ਬੋਰਡ ਕਰਨ ਦੀ ਹਦਾਇਤ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਉਠਾਉਣ ਲਈ ਯੋਗ ਲਾਭਪਾਤਰੀ ਆਪਣੇ ਨਜ਼ਦੀਕੀ ਸੀ. ਐੱਸ. ਸੀ. (ਕਾਮਨ ਸਰਵਿਸ ਸੈਂਟਰ) ਵਿਖੇ ਜਾ ਕੇ ਪੀ. ਐੱਮ ਵਿਸ਼ਵਕਰਮਾ ਪੋਰਟਲ https://pmvishwakarma.gov.in/ ‘ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ । ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਧੀਨ ਜੱਦੀ ਪੁਰਸ਼ੀ ਕੰਮ ਕਰਨ ਹੁਨਰਮੰਦ ਵਾਲੇ ਜਿਵੇਂ ਕਿ ਤਰਖਾਣ, ਘੁਮਿਆਰ, ਨਾਈ, ਧੋਬੀ, ਦਰਜੀ, ਲੁਹਾਰ, ਮਾਲਾਕਾਰ, ਰਾਜ ਮਿਸਤਰੀ, ਮੋਚੀ, ਮੂਰਤੀਕਾਰ ਆਦਿ ਨੂੰ ਆਪਣੇ ਕੰਮ ਵਿਚ ਨਿਖਾਰ ਲਿਆਉਣ ਲਈ 5 ਦਿਨ ਬੇਸਿਕ ਅਤੇ 15 ਦਿਨਾਂ ਦੀ ਅਡਵਾਂਸ ਟ੍ਰੇਨਿੰਗ ਦਿੱਤੀ ਜਾਣੀ ਹੈ, ਜਿਸ ਦੌਰਾਨ ਟ੍ਰੇਨਿੰਗ ਵਾਲੇ ਹੁਨਰਮੰਦਾਂ ਨੂੰ ਪ੍ਰਤੀ ਦਿਨ 500 ਰੁਪਏ ਵਜ਼ੀਫਾ ਦਿੱਤਾ ਜਾਵੇਗਾ ਅਤੇ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਕੰਮ ਕਰਨ ਵਾਲੇ ਨੂੰ ਟੂਲਕਿੱਟ ਲਈ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਲਾਭਪਾਤਰੀ ਨੂੰ ਆਪਣੇ ਕੰਮ ਨੂੰ ਵਧਾਉਣ ਲਈ ਇੱਕ ਰਿਆਇਤੀ ਵਿਆਜ ‘ਤੇ ਬੈਂਕਾਂ ਵੱਲੋਂ ਕਰਜ਼ਾ ਦੇਣ ਦਾ ਪ੍ਰਾਵਧਾਨ ਵੀ ਹੈ ।