ਨਹਿਰਾਂ, ਸੂਇਆਂ ਵਿਚ ਨਹੀਂ ਪੈਣ ਦਿੱਤਾ ਜਾਵੇਗਾ ਘਰਾਂ ਤੇ ਦੁਕਾਨਾਂ ਦਾ ਗੰਦਾ ਪਾਣੀ : ਡਿਪਟੀ ਕਮਿਸ਼ਨਰ ਸੂਦਨ

ਅੰਮ੍ਰਿਤਸਰ, 17 ਮਈ : ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦਰਿਆਈ ਪਾਣੀ ਨੂੰ ਖੇਤਾਂ ਤੱਕ ਪੁੱਜਦਾ ਕਰਨ ਵਾਲੀਆਂ ਨਹਿਰਾਂ ਤੇ ਸੂਇਆਂ ਵਿਚ ਘਰਾਂ ਤੇ ਦੁਕਾਨਾਂ ਦੇ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਦੀ ਹਦਾਇਤ ਕਰਦੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਕੁਦਰਤ ਦੇ ਇਸ ਅਣਮੁੱਲੇ ਸੋਮੇ ਨੂੰ ਗੰਦੇ ਪਾਣੀ ਨਾਲ ਪਲੀਤ ਨਾ ਹੋਣ ਦਿੱਤਾ ਜਾਵੇ।  ਅੱਜ ਵਾਤਾਵਰਣ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਪਾਣੀ ਸਾਡੇ ਜੀਵਨ ਲਈ ਸਭ ਤੋਂ ਜ਼ਰੂਰੀ ਤੱਤ ਹੈ ਅਤੇ ਇਸ ਵਿਚ ਗੰਦੇ ਪਾਣੀ ਪਾਉਣਾ ਆਪਣੇ ਆਪ ਵਿਚ ਬਹੁਤ ਵੱਡਾ ਗੁਨਾਹ ਹੈ।ਉਨਾਂ ਨੇ ਇਸ ਕੰਮ ਨੂੰ ਰੋਕਣ ਲਈ ਪੰਚਾਇਤ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਹਰੇਕ ਨਹਿਰ ਤੇ ਸੂਏ ਨੂੰ ਇਸ ਗੰਦੇ ਪਾਣੀ ਤੋਂ ਮੁੱਕਤ ਕਰਵਾਉਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਾਡੀ ਯੋਜਨਾ ਨਹਿਰਾਂ ਦੇ ਪਾਣੀ ਨੂੰ ਸਾਫ ਕਰਕੇ ਲੋਕਾਂ ਨੂੰ ਪੀਣ ਲਈ ਦੇਣ ਦੀ ਹੈ ਅਤੇ ਇਸ ਪ੍ਰੋਜੈਕਟ ਲਈ ਕਈ ਸਥਾਨਾਂ ਉਤੇ ਕੰਮ ਚੱਲ ਰਿਹਾ ਹੈ, ਜਿਸ ਉਤੇ ਕਰੋੜਾਂ ਰੁਪਏ ਦੀ ਲਾਗਤ ਆਉਣੀ ਹੈ। ਉਨਾਂ ਕਿਹਾ ਕਿ ਜੇਕਰ ਇਹ ਗੰਦਾ ਪਾਣੀ ਨਾ ਰੋਕਿਆ ਗਿਆ ਤਾਂ ਸਾਡਾ ਮਨੋਰਥ ਅਧੂਰਾ ਰਹਿ ਜਾਵੇਗਾ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਵਾਤਾਵਰਣ ਨੂੰ ਬਚਾਉਣ ਲਈ ਸਾਰੇ ਵਿਭਾਗਾਂ ਨੂੰ ਮਿਲਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪਿੰਡਾਂ ਵਿਚ ਗੰਦੇ ਪਾਣੀ ਨੂੰ ਸਾਫ ਕਰਕੇ ਖੇਤਾਂ ਵਿਚ ਵਰਤਣ ਲਈ ਥਾਪਰ ਮਾਡਲ ਛੱਪੜ ਵਿਕਸਤ ਕੀਤੇ ਜਾਣ। ਉਨਾਂ ਇਸ ਤੋਂ ਇਲਾਵਾ ਖੜੇ ਪਾਣੀ ਨੂੰ ਸਾਫ ਕਰਨ ਲਈ ਬਾਇਓ ਟਰੀਟਮੈਂਟ ਦਾ ਤਜ਼ਰਬਾ ਵੀ ਕਰਨ ਦੀ ਹਦਾਇਤ ਵਧੀਕ ਡਿਪਟੀ ਕਮਿਸ਼ਨਰ ਨੂੰ ਕੀਤੀ। ਸ੍ਰੀ ਸਦੂਨ ਨੇ ਇਸ ਮੌਕੇ ਵਾਤਾਵਰਣ ਦੀ ਸਾਂਭ-ਸੰਭਾਲ ਕਰਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਨਿਰੰਤਰ ਕੰਮ ਕਰਦੇ ਰਹਿਣ ਦੀ ਸਹੁੰ ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੁਕਾਈ। ਉਨਾਂ ਜਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਵਾਤਾਵਰਣ ਦੀ ਸਾਂਭ-ਸੰਭਾਲ ਕੇਵਲ ਸਰਕਾਰੀ ਵਿਭਾਗਾਂ ਦਾ ਕੰਮ ਨਹੀਂ, ਬਲਕਿ ਇਹ ਹਰ ਨਾਗਰਿਕ ਦੀ ਜਿੰਮੇਵਾਰੀ ਹੈ। ਸ੍ਰੀ ਸੂਦਨ ਨੇ ਕਿਹਾ ਕਿ ਜੇਕਰ ਜਿਲ੍ਹੇ ਵਿਚ ਰਹਿਣ ਤੇ ਆਉਣ ਵਾਲੇ ਕਰੀਬ 20 ਲੱਖ ਲੋਕ ਆਪਣੀ ਲਾਪਰਵਾਹੀ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਤਾਂ ਉਸ ਨੂੰ ਸਾਫ ਕਰਨ ਦਾ ਕੰਮ ਸਰਕਾਰ ਦੇ ਸੈਂਕੜੇ ਕਰਮਚਾਰੀ ਨਹੀਂ ਕਰ ਸਕਦੇ, ਇਸ ਲਈ ਹਰ ਨਾਗਰਿਕ ਨੂੰ ਕੰਮ ਕਰਨ ਪਵੇਗਾ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰਪਾਲ ਸਿੰਘ, ਐਸ ਡੀ ਓ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਅੰਮ੍ਰਿਤਪਾਲ ਸਿੰਘ, ਐਸ ਡੀ ਓ ਪੰਚਾਇਤ ਵਿਭਾਗ ਸ੍ਰੀ ਬਿਕਰਮਜੀਤ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।