ਡਾਇਰੈਕਟਰ ਐਨ. ਐਚ. ਐਮ. (ਪੰਜਾਬ) ਵੱਲੋਂ ਹੜ੍ਹਾਂ ਦੀ ਨਾਜੁਕ ਸਥਿਤੀ ਸਮੇਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਵਿਸ਼ੇਸ ਦੌਰਾ

ਤਰਨ ਤਾਰਨ, 21 ਜੁਲਾਈ : ਡਾਇਰੈਕਟਰ ਐੱਨ. ਐੱਚ. ਐੱਮ. (ਪੰਜਾਬ) ਡਾ. ਐਸ. ਪੀ. ਸਿੰਘ ਵਲੋਂ ਅੱਜ ਜਿਲਾ੍ਹ ਤਰਨਤਾਰਨ ਵਿਖੇ ਹੜ੍ਹਾਂ ਦੀ ਨਾਜੁਕ ਸਥਿਤੀ ਸਮੇਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਵਿਸ਼ੇਸ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਸਮੂਹ ਜਿਲਾ੍ਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹੜਾਂ੍ਹ ਦੇ ਸੰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ, ਦਵਾਈਆਂ, ਕਲੋਰੀਨ ਦੀਆਂ ਗੋਲੀਆਂ, ਐਂਬੂਲੈਂਸਾਂ ਅਤੇ ਰੈਪਿਡ ਰਿਸਪਾਂਸ ਟੀਮਾਂ ਸੰਬਧੀ ਜਾਇਜ਼ਾ ਲਿਆ ਗਿਆ। ਇਸ ਡਾ. ਐਸ. ਪੀ. ਸਿੰਘ ਵਲੋਂ ਐਪੀਡਿਮਾਲੋਜਿਸਟ ਅਤੇ ਚੀਫ ਫਾਰਮਾਸਿਸਟ ਪਾਸੋਂ ਕਲੋਰੀਨ ਦੀਆਂ ਗੋਲੀਆਂ ਦੀ ਸਟਾਕ ਪੁਜੀਸ਼ਨ, ਡਾਇਰੀਕਆ/ਡੇਂਗੂ ਦੇ ਕੇਸਾਂ ਸੰਬਧੀ ਰਿਪੋਰਟ ਲਈ ਗਈ ਅਤੇ ਹਦਾਇਤ ਕੀਤੀ ਕਿ ਕਿਸੇ ਵੀ ਹੰਗਾਮੀ ਹਾਲਾਤਾਂ ਸੰਬਧੀ ਤਿਆਰੀਆਂ ਮੁਕੰਮਲ ਰੱਖੀਆਂ ਜਾਣ ਅਤੇ ਕਲੋਰੀਨ ਦੀ ਸਪਲਾਈ ਲਈ ਸਟਾਕ ਰੱਖਿਆ ਜਾਵੇ। ਇਸ ਉਪੰਰਤ ਉਹਨਾਂ ਵਲੋਂ ਜਿਲਾ੍ਹ ਅਧਿਕਾਰੀਆਂ ਨਾਲ ਮਿਲ ਕੇ ਫਲੱਡ ਐਮਰਜੈਂਸੀ ਵਾਰਡ ਅਤੇ ਡੇਂਗੁ ਵਾਰਡ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਹਨਾਂ ਮੌਕੇ ਹਦਾਇਤਾਂ ਜਾਰੀ ਕਰਦਿਆ ਹੋਇਆ ਕਿਹਾ ਕਿ ਇਹਨਾਂ ਵਾਰਡਾਂ ਵਿੱਚ ਹਰ ਤਰਾਂ੍ਹ ਦੀਆਂ ਸਹੂਲਤਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ, ਵਾਰਡਾਂ ਵਿਚ ਐਮਰਜੈਂਸੀ ਹਾਲਾਤਾਂ ਲਈ ਜਰੂਰੀ ਸਾਮਾਨ, ਦਵਾਈਆਂ, ਡਿਉਟੀ ਰੋਸਟਰ, ਆਈ. ਈ. ਸੀ. ਮਟੀਰੀਅਲ, ਬਾਥਰੂਮਾਂ ਦੀ ਸਫਾਈ, ਸਾਈਨ ਬੋਰਡ ਆਦਿ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਫਾਈ ਦਾ ਧਿਆਨ ਰੱਖਿਆ ਜਾਵੇ। ਇਸ ਮੌਕੇ ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਹੜਾਂ੍ਹ ਦੀ ਨਾਜੂਕ ਸਥਿਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ 11 ਰੈਪਿਡ ਰਿਸਪੋਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਹੰਗਾਮੀਂ/ਐਮਰਜੈਂਸੀ ਸਥਿਤੀ ਸਮੇਂ ਲੋਕਾਂ ਦੀ ਸਹਾਇਤਾ ਲਈ ਤੱਤਪਰ ਰਹਿਣਗੀਆਂ।ਇਸ ਤੋਂ ਇਲਾਵਾ ਆਈ. ਐਮ. ਏ. ਵੱਲੋਂ ਵੀ 10 ਟੀਮਾਂ ਸਮੇਤ ਐਂਬੁਲੈਂਸ ਅਤੇ ਨਰਸਿੰਗ ਕਾਲਜਾਂ ਵੱਲੋਂ ਵੀ ਇੱਕ ਐਂਬੁਲੈਂਸ ਹੜ੍ਹ ਰਾਹਤ ਲਈ ਭੇਂਟ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲਾ੍ਹ ਹੈਡ-ਕਵਾਟਰ ਕੰਟਰੋਲ ਰੂਮ ਐਮਰਜੈਂਸੀ ਹੈਲਪ ਲਾਈਨ ਨੰਬਰ 0185-2291115 ਜਨਹਿੱਤ ਵਿਚ ਜਾਰੀ ਕੀਤਾ ਗਿਆ ਹੈ।ਇਸ ਰਾਹੀਂ ਕਿਸੇ ਵੀ ਐਮਰਜੈਂਸੀ ਹਾਲਾਤ ਵਿਚ ਮੈਡੀਕਲ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਰੇ ਪ੍ਰਾਇਵੇਟ ਹਸਪਤਾਲਾਂ ਨੂੰ ਅਗਾਹ ਕੀਤਾ ਜਾ ਚੱੁਕਿਆ ਹੈ ਕਿ ਕੋਈ ਵੀ ਐਮਰਜੈਂਸੀ ਸਮੇਂ ਲੋਕਾਂ ਦੀ ਸੇਵਾ ਲਈ ਤਿਆਰ ਰਹਿਣ ਅਤੇ ਕੋਈ ਵੀ ਗੰਭੀਰ ਬੀਮਾਰੀ ਡਾਇਰੀਆ/ਡੇਂਗੂ ਜਾਂ ਗੰਭੀਰ ਬੀਮਾਰੀ ਦਾ ਕੇਸ ਸਾਹਮਣੇ ਆਉਣ ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।