ਡਿਪਟੀ ਕਮਿਸ਼ਨਰ ਵੱਲੋਂ ਬਰਸਾਤੀ ਪਾਣੀ ਦੇ ਵਹਾਅ ਦਾ ਜਾਇਜ਼ਾ ਲੈਣ ਲਈ ਕਸੂਰ ਨਾਲੇ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ

  • ਡਰੇਨਜ਼ ਵਿਭਾਗ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ, ਮਗਨਰੇਗਾ ਕਾਮਿਆਂ ਅਤੇ ਲੋੜੀਂਦੀ ਮਸ਼ੀਨਰੀ ਨਾਲ ਕਸੂਰ ਨਾਲੇ ਦੇ ਕੰਢਿਆ ਨੂੰ ਕੀਤਾ ਜਾ ਰਿਹਾ ਮਜ਼ਬੂਤ

ਤਰਨ ਤਾਰਨ, 26 ਜੁਲਾਈ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀਮਤੀ ਬਲਦੀਪ ਕੌਰ ਨੇ ਵੱਲੋਂ ਅੱਜ ਬਰਸਾਤੀ ਪਾਣੀ ਦੇ ਵਹਾਅ ਦਾ ਜਾਇਜ਼ਾ ਲੈਣ ਲਈ ਕਸੂਰ ਨਾਲੇ ਦੇ ਨਾਲ ਲੱਗਦੇ ਪਿੰਡਾਂ ਝਾਮਕੇ, ਤੇਜਾ ਸਿੰਘ ਵਾਲਾ, ਪਲਾਸੌਰ, ਮਾਨੋਚਾਹਲ ਅਤੇ ਜਰਮਸਤਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅੋਰੜਾ ਵੀ ਉਹਨਾਂ ਦੇ ਨਾਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਸੂਰ ਨਾਲੇ ਵਿੱਚ ਪਾਣੀ ਦਾ ਪੱਧਰ ਘੱਟ ਹੋਇਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਸੂਰ ਨਾਲੇ ਦੇ ਕੰਢਿਆ ਨੂੰ ਪੱਕਾ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਡਰੇਨਜ਼ ਵਿਭਾਗ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ, ਮਗਨਰੇਗਾ ਕਾਮਿਆਂ ਅਤੇ ਲੋੜੀਂਦੀ ਮਸ਼ੀਨਰੀ ਨਾਲ ਕਸੂਰ ਨਾਲੇ ਦੇ ਕਿਨਾਰੇ ਸੰਵੇਦਸ਼ੀਲ ਥਾਵਾਂ ਤੋਂ ਕੰਢਿਆ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਨਾਲੇ ਦੀ ਸਫ਼ਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਬਰਸਾਤ ਆਉਣ ਨਾਲ ਕੰਢਿਆ ਨੂੰ ਕੋਈ ਨੁਕਸਾਨ ਨਾ ਪਹੁੰਚੇ। ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਇਸ ਤੋਂ ਇਲਾਵਾ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦਰਿਆ ਸਤਲੁਜ ਦੇ ਕਿਨਾਰੇ ਸਬ-ਡਵੀਜ਼ਨ ਪੱਟੀ ਵਿਚ ਪੈਂਦੇ ਧੁੱਸੀ ਬੰਨ੍ਹ/ਅਡਵਾਂਸ ਧੁੱਸੀ ਬੰਨ੍ਹ ਉੱਪਰ 24 ਘੰਟੇ ਨਿਗਰਾਨੀ ਰੱਖੀ ਜਾਵੇ ਤਾਂ ਲੋੜ ਅਨੁਸਾਰ ਬੰਨ੍ਹਾਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਡਰੇਨਜ਼ ਵਿਭਾਗ ਵਲੋਂ ਸੰਵੇਦਨਸ਼ੀਲ ਥਾਵਾਂ ’ਤੇ ਜੇ. ਸੀ. ਬੀਜ਼, ਕਿਸ਼ਤੀਆਂ ਅਤੇ ਟਰੈਕਟਰ-ਟਰਾਲੀਆਂ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਵਾਲਿਆਂ ਦੀ ਸਹਾਇਤਾ ਦੇ ਨਾਲ ਲੋਕਾਂ ਦੀ ਜਾਨ-ਮਾਲ ਦੀ ਰਾਖੀ ਤੋਂ ਇਲਾਵਾ ਹੜ੍ਹ ਪੀੜਤਾਂ ਦੀ ਸਿਹਤ ਸਹੂਲਤ ਲਈ ਸਿਵਲ ਹਸਪਤਾਲ ਦੀਆਂ ਟੀਮਾਂ ਵਲੋਂ ਲੋਕਾਂ ਦੀ ਚੈਕਿੰਗ ਕਰਕੇ ਦਵਾਈ ਮੁਹੱਈਆ ਕਰਵਾਏ ਜਾਣ ਦੇ ਨਾਲ ਪਸ਼ੂ ਧਨ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੀ ਪਿੰਡ-ਪਿੰਡ ਜਾ ਕੇ ਪਸ਼ੂਆਂ ਦੀ ਜਾਂਚ ਯਕੀਨੀ ਬਣਾਈ ਜਾ ਰਹੀ ਹੈ।