- “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ ਉਲੰਪਿਕਸ” ਦੌਰਾਨ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ 01, 02 ਅਤੇ 03 ਦਸੰਬਰ ਨੂੰ ਕਰਵਾਏ ਜਾਣਗੇ ਕੁਸ਼ਤੀ ਮੁਕਾਬਲੇ
- ਕੁਸ਼ਤੀ ਮੁਕਾਬਲਿਆਂ ਆਨੰਦ ਲੈਣ ਲਈ ਜ਼ਿਲ੍ਹਾ ਵਾਸੀਆਂ ਨੂੰ ਹੁੰਮ-ਹੁੰਮਾ ਕੇ ਪਹੁੰਚਣ ਦੀ ਕੀਤੀ ਅਪੀਲ
ਚੋਹਲਾ ਸਾਹਿਬ, 29 ਨਵੰਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ 01, 02 ਅਤੇ 03 ਦਸੰਬਰ, 2023 ਨੂੰ ਹੋਣ ਵਾਲੀ ਰਾਜ ਪੱਧਰੀ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ ਉਲੰਪਿਕਸ” ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਛਿੰਝ ਦੇ ਸਫ਼ਲ ਆਯੋਜਨ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆਂ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਜਸਜੀਤ ਕੌਰ, ਅਤੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਸਤਵੰਤ ਕੌਰ ਤੋਂ ਇਲਾਵਾ ਸਬੰਧਿਤ ਵਿਭਾਗਾਂਦੇ ਅਧਿਕਾਰੀ ਹਾਜ਼ਰ ਸਨ। ਇਹ ਮੌਕੇ ਜਾਣਕਾਰੀ ਦਿੰੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਰਾਜ ਪੱਧਰੀ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ ਉਲੰਪਿਕਸ” ਦੌਰਾਨ 01, 02 ਅਤੇ 03 ਦਸੰਬਰ, 2023 ਨੂੰ ਮਿੱਟੀ ਦੇ ਅਖਾੜੇ ਵਿੱਚ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਇਹਨਾਂ ਕੁਸ਼ਤੀ ਮੁਕਾਬਲਿਆਂ ਵਿੱਚ ਰਾਜ ਭਰ ਚੋਂ ਵੱਖ-ਵੱਖ ਭਾਰ ਵਰਗ ਦੇ ਪਹਿਲਵਾਨ ਹਿੱਸਾ ਲੈਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ।ਉਹਨਾਂ ਦੱਸਿਆ ਕਿ ਇਹਨਾਂ ਕੁਸ਼ਤੀ ਮੁਕਾਬਲਿਆਂ ਵਿੱਚ ਲੜਕਿਆਂ ਦੀ ਕੈਟੇਗਰੀ ਵਿੱਚ 70 ਕਿਲੋ, 80 ਕਿਲੋਂ ਅਤੇ 80 ਕਿਲੋ ਤੋਂ ਵੱਧ ਭਾਰ ਵਰਗ ਦੇ ਪਹਿਵਾਨ ਹਿੱਸਾ ਲੈ ਸਕਣਗੇ।ਇਸ ਤੋਂ ਇਲਾਵਾ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ ਵਿੱਚ 60 ਕਿਲੋ ਅਤੇ 60 ਕਿਲੋ ਤੋਂ ਜ਼ਿਆਦਾ ਭਾਰ ਵਰਗ ਦੀਆਂ ਲੜਕੀਆਂ ਭਾਗ ਲੈ ਸਕਣਗੀਆਂ।ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਹਨਾਂ ਦੱਸਿਆ ਕਿ 80 ਕਿਲੋ ਭਾਰ ਵਰਗ ਤੋਂ ਜ਼ਿਆਦਾ ਰੁਸਤਮੇ-ਪੰਜਾਬ ਟਾਈਟਲ ਲਈ ਪਹਿਲਾ ਇਨਾਮ 05 ਲੱਖ ਰੁਪਏ, ਦੂਸਰਾ ਇਨਾਮ 2 ਲੱਖ ਰੁਪਏ ਅਤੇ ਤੀਜੇ ਸਥਾਨ ਲਈ ਇੱਕ ਲੱਖ ਰੁਪਏ ਦਿੱਤੇ ਜਾਣਗੇ।ਇਸ ਤੋਂ ਇਲਾਵਾ ਬਾਕੀ ਭਾਰ ਵਰਗ, ਜਿੰਨ੍ਹਾਂ ਵਿੱਚ 70 ਕਿਲੋ ਲੜਕੇ, 80 ਕਿਲੋ ਲੜਕੇ ਅਤੇ 60 ਕਿਲੋ ਤੇ 60 ਕਿਲੋ ਤੋਂ ਜ਼ਿਆਦਾ ਭਾਰ ਵਰਗ ਲੜਕੀਆਂ ਸ਼ਾਮਿਲ ਹਨ, ਲਈ ਪਹਿਲਾ ਇਨਾਮ 51 ਹਜ਼ਾਰ ਰੁਪਏ ਦੂਜਾ ਇਨਾਮ 31 ਹਜ਼ਾਰ ਰੁਪਏ ਅਤੇ ਤੀਜਾ ਇਨਾਮ 21 ਹਜ਼ਾਰ ਰੁਪਏ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ ਉਲੰਪਿਕਸ” ਦੇ ਸਫ਼ਲ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਉਚਿਤ ਪ੍ਰਬੰਧ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਇਸ ਛਿੰਝ ਮੇਲੇ ਵਿੱਚ ਭਾਗ ਲੈਣ ਵਾਲੇ ਪਹਿਲਵਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਅਤੇ ਦਰਸ਼ਕ ਇਹਨਾਂ ਕੁਸ਼ਤੀ ਮੁਕਾਬਲਿਆਂ ਦਾ ਭਰਪੂਰ ਆਨੰਦ ਮਾਣ ਸਕਣ। ਇਸ ਮੌਕੇ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਕੁਸ਼ਤੀ ਮੁਕਾਬਲਿਆਂ ਆਨੰਦ ਲੈਣ ਲਈ ਹੁੰਮ-ਹੁੰਮਾ ਕੇ ਪਹੁੰਚਣ।