ਡਿਪਟੀ ਕਮਿਸ਼ਨਰ ਵੱਲੋਂ ਦਵਾਈ ਵਿਕਰੇਤਾ ਨੂੰ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਹਦਾਇਤ

ਅੰਮਿ੍ਰਤਸਰ, 23 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੰਮਿ੍ਰਤਸਰ ਜਿਲੇ ਵਿਚ ਕੰਮ ਕਰ ਰਹੇ ਸਾਰੇ ਦਵਾਈ ਵਿਕਰੇਤਾਵਾਂ ਨੂੰ ਹਦਾਇਤ ਕਰਦੇ ਕਿਹਾ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਅਤੇ ਅੰਦਰ ਸੀ ਸੀ ਟੀ ਵੀ ਕੈਮਰੇ ਲਗਾਉਣੇ ਯਕੀਨੀ ਬਨਾਉਣ। ਸ੍ਰੀ ਥੋਰੀ ਨੇ ਜਾਰੀ ਕੀਤੇ ਹੁਕਮਾਂ ਵਿਚ ਸਪੱਸ਼ਟ ਕੀਤਾ ਕਿ ਜੋ ਵੀ ਦਵਾਈ ਵਿਕਰੇਤਾ ਡਰੱਗ ਐਂਡ ਕਾਸਮੈਟਿਕ ਐਕਟ 1940 ਦੇ ਨਿਯਮ 65 (5) ਅਤੇ (9) ਅਧੀਨ ਐਕਸ ਤੇ ਐਚ ਸ੍ਰੇਣੀ ਦੀ ਦਵਾਈਆਂ ਵੇਚ ਰਿਹਾ ਹੈ, ਉਹ ਹਰ ਹਾਲਤ ਇਕ ਮਹੀਨੇ ਦੇ ਅੰਦਰ ਅੰਦਰ ਇਹ ਕੈਮਰੇ ਲਗਾਉਣੇ ਯਕੀਨੀ ਬਣਾਵੇ। ਉਨਾਂ ਜਿਲਾ ਡਰੱਗ ਕੰਟਰੋਲਰ ਅਥਾਰਟੀ, ਚਾਈਲਡ ਵੈਲਫੇਅਰ ਅਧਿਕਾਰੀ ਨੂੰ ਵੀ ਹਦਾਇਤ ਕੀਤੀ ਕਿ ਉਹ ਇਕ ਮਹੀਨੇ ਬਾਅਦ ਇੰਨਾ ਦੁਕਾਨਾਂ ਦੀ ਜਾਂਚ ਕਰਨ ਅਤੇ ਜਿਸ ਵੀ ਦੁਕਾਨ ਉਤੇ ਕੈਮਰੇ ਨਾ ਲੱਗੇ ਹੋਣ, ਉਸ ਵਿਰੁੱਧ ਕਾਨੂੰਨ  ਅਨੁਸਾਰ ਕਾਰਵਾਈ ਕਰਨੀ ਯਕੀਨੀ ਬਨਾਉਣ। ਸ੍ਰੀ ਥੋਰੀ ਨੇ ਉਕਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਭਵਿੱਖ ਵਿਚ ਇੰਨਾ ਕੈਮਰਿਆਂ ਦੀ ਰਿਕਾਰਡਿੰਗ ਵੀ ਚੈਕ ਕਰਨ ਅਤੇ ਜਿੱਥੇ ਵੀ ਦਵਾਈ ਵਿਕਰੇਤਾ ਵੱਲੋਂ ਕੋਈ ਬੇਨਿਯਮੀ ਕੀਤੀ ਹੋਣ ਦਾ ਸਬੂਤ ਮਿਲੇ, ਉਸ ਖਿਲਾਫ ਕਾਰਵਾਈ ਲਈ ਲਿਖਿਆ ਜਾਵੇ।