ਪ੍ਰੀ ਪ੍ਰਾਇਮਰੀ ਜਮਾਤਾਂ ਦੇ ਛੇ ਸਾਲ ਪੂਰੇ ਹੋਣ ਤੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਬਾਲ ਮੇਲਿਆਂ ਦਾ ਹੋਇਆ ਸਫਲ ਆਯੋਜਨ।

  • ਸੈਸ਼ਨ 2024-25 ਲਈ ਨਵੇਂ ਦਾਖਲਿਆਂ ਦੀ ਕੀਤੀ ਸ਼ੁਰੁਆਤ 
  • ਵਿਦਿਆਰਥੀਆਂ, ਅਧਿਆਪਕਾਂ , ਮਾਪਿਆਂ ਅਤੇ ਪਤਵੰਤਿਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ।

ਪਠਾਨਕੋਟ, 15 ਨਵੰਬਰ: ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ  ਬਾਲ ਦਿਵਸ ਮਨਾ ਕੇ ਨਵੇਂ ਸ਼ੈਸ਼ਨ 2024-25 ਦੇ ਲਈ ਦਾਖ਼ਲਿਆਂ ਦਾ ਸੁੱਭ ਆਰੰਭ ਕੀਤਾ ਗਿਆ। ਇਸ ਸਬੰਧੀ  ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਬਾਲ ਦਿਵਸ ਤੇ ਬਾਲ ਮੇਲਿਆਂ ਦੇ ਰੂਪ ਵਿੱਚ ਮਨਾਇਆ  ਗਿਆ। ਇਸ ਦਿਨ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਨਿੱਕੇ ਵਿਦਿਆਰਥੀਆਂ ਨੇ ਸਰੀਰਕ, ਬੌਧਿਕ, ਰਚਨਾਤਮਕ ਗਤੀਵਿਧੀਆਂ ਕਰਕੇ ਸਭ ਦਾ ਧਿਆਨ ਖਿੱਚਿਆ। ਇਹਨਾਂ ਨੰਨ੍ਹੇ ਕਲਾਕਾਰਾਂ  ਦੁਆਰਾ ਤਿਆਰ ਕੀਤੀ ਵੱਖ ਵੱਖ ਤਰ੍ਹਾਂ ਦੀਆਂ ਕਲਾ ਕਿਰਤਾਂ ਦੇ ਸਟਾਲ ਲਗਾਏ ਗਏ। ਇਸ ਮੌਕੇ ਤੇ ਸਾਲ 2024-25 ਲਈ ਦਾਖਲਿਆਂ ਦੀ ਸ਼ੁਰੂਆਤ ਵੀ ਕੀਤੀ ਗਈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਅਤੇ ਬੀਪੀਈਓ ਸ੍ਰੀ ਨਰੇਸ਼ ਪਨਿਆੜ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ  ਸਮੇਤ ਵੱਖ ਸਕੂਲਾਂ ਦਾ ਦੌਰਾ ਕਰਕੇ ਬਾਲ ਮੇਲਿਆਂ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਨਿੱਕੇ ਨਿੱਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਇਹਨਾਂ ਬਾਲ ਮੇਲਿਆਂ ਵਿੱਚ  ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ, ਪਿੰਡਾ ਦੇ ਪੰਚਾ, ਸਰਪੰਚਾ,ਯੂਥ ਕਲੱਬਾਂ ਦੇ ਮੈਂਬਰਾਂ, ਪਤਵੰਤਿਆਂ ਅਤੇ ਆਂਗਣਵਾੜੀ ਸਟਾਫ਼ ਨੇ ਸ਼ਮੂਲੀਅਤ ਕਰਕੇ ਬਾਲ ਮੇਲਿਆਂ ਦੀ ਸ਼ੋਭਾ ਨੂੰ ਵਧਾਇਆਂ । ਬਾਲ ਮੇਲਿਆਂ ਦੀ ਸਫਲਤਾ ਲਈ ਸਮੂਹ ਬੀਪੀਈਓਜ, ਸੀਐਚਟੀ, ਸਕੂਲ ਮੁੱਖੀਆ ਅਤੇ ਅਧਿਆਪਕਾਂ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਇਸ ਤਰ੍ਹਾਂ ਇਹ ਬਾਲ ਮੇਲੇ ਆਪਣੇ ਮੰਤਵ ਦੀ ਪੂਰਤੀ ਕਰਦਿਆਂ ਸਫਲਤਾ ਪੂਰਵਕ ਸੰਪਨ ਹੋਏ। ਇਸ ਮੌਕੇ ਤੇ ਮੁੱਖ ਅਧਿਆਪਕ ਕੁਸੁਮ ਸ਼ਰਮਾਂ, ਪਰਮਬੀਰ ਕੌਰ, ਸੁਸ਼ਮਾ ਸ਼ਰਮਾਂ, ਰੇਵਾ, ਰਮਾ ਕੁਮਾਰੀ, ਜੋਤੀ ਬਾਲਾ, ਪ੍ਰਵੀਨ ਕੁਮਾਰੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।