ਗੁਰਦਾਸਪੁਰ, 25 ਜਨਵਰੀ : 14ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਅੱਜ ਮੁਹਾਲੀ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਸਿਬਨ ਸੀ ਵੱਲੋਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੂੰ 'ਬੈੱਸਟ ਇਲੈਕਟੋਰਲ ਪ੍ਰੈਕਟਿਸ ਸਟੇਟ ਐਵਾਰਡ-2023' ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਚੋਣ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਇਹ ਐਵਾਰਡ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਣਾਂ ਦੇ ਕੰਮਾਂ ਦਾ ਪਾਰਦਰਸ਼ੀ ਅਤੇ ਸਮੇਂ ਸਿਰ ਨਿਪਟਾਰਾ ਕਰਕੇ ਰੀਪੋਰਟਾਂ/ਸੂਚਨਾਵਾਂ ਭੇਜਣ, ਵੋਟਰ ਸੂਚੀਆਂ ਦੀ ਸੁਧਾਈ, 18-19 ਸਾਲ ਦੇ ਨੌਜਵਾਨਾਂ ਦੀ ਵੋਟਾਂ ਬਣਾਉਣ ਅਤੇ ਵੋਟਰ ਜਾਗਰੂਕਤਾ (ਸਵੀਪ) ਮੁਹਿੰਮ ਨੂੰ ਕਾਰਗਰ ਢੰਗ ਨਾਲ ਚਲਾਉਣ, ਅਗਾਮੀ ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਲਈ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੀ ਇਲੈਕਸ਼ਨ ਟੀਮ ਵੱਲੋਂ ਆਈਲੈਟਸ ਸੈਂਟਰਾਂ ਅਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਸਪੈਸ਼ਲ ਕੈਂਪ ਲਗਾਉਣ ਤੋਂ ਇਲਾਵਾ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ/ਬੀ.ਐੱਲ.ਓਜ ਰਾਹੀਂ ਸਪੈਸ਼ਲ ਕੈਂਪ ਲਗਾ ਕੇ ਨਵ-ਵਿਆਹੀਆਂ ਲੜਕੀਆਂ ਦੀ ਵੋਟਰ ਰਜਿਸਟ੍ਰੇਸ਼ਨ ਕਰਵਾਈ ਗਈ। ਇਨ੍ਹਾਂ ਯਤਨਾਂ ਕਰਕੇ ਜ਼ਿਲ੍ਹੇ ਵਿੱਚ ਕੁੱਲ 37989 ਨੌਜਵਾਨਾਂ (ਫਸਟ ਟਾਈਮ ਵੋਟਰ) ਦੀਆਂ ਵੋਟਾਂ ਬਣਾਈਆਂ ਗਈਆਂ। ਇਸ ਤੋਂ ਇਲਾਵਾ 397 ਪ੍ਰਵਾਸੀ ਭਾਰਤੀਆਂ ਅਤੇ 30 ਟਰਾਂਸਜੈਂਡਰ ਨੂੰ ਬਤੌਰ ਵੋਟਰ ਰਜਿਸਟਰਡ ਕੀਤਾ ਗਿਆ। ਇਨ੍ਹਾਂ ਸਭ ਉਪਰਾਲਿਆਂ ਦੇ ਸਦਕਾ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਡਿਪਟੀ ਕਮਿਸਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ ਡਾ. ਹਿਮਾਂਸੂ ਅਗਰਵਾਲ ਆਈ.ਏ.ਐੱਸ. ਨੂੰ 'ਬੈੱਸਟ ਇਲੈਕਟੋਰਲ ਪ੍ਰੈਕਟਿਸ ਸਟੇਟ ਐਵਾਰਡ-2023' ਦਿੱਤਾ ਗਿਆ ਹੈ। ਇਸ ਵਕਾਰੀ ਐਵਾਰਡ ਲਈ ਭਾਰਤ ਚੋਣ ਕਮਿਸਨ ਅਤੇ ਮੁੱਖ ਚੋਣ ਅਫਸਰ ਪੰਜਾਬ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸੂ ਅਗਰਵਾਲ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਐਵਾਰਡ ਦੀ ਪ੍ਰਾਪਤੀ ਉਨ੍ਹਾਂ ਦੀ ਜ਼ਿਲ੍ਹਾ ਟੀਮ ਦੇ ਸਮੂਹ ਅਧਿਕਾਰੀਆਂ ਅਤੇ ਬੀ.ਐੱਲ.ਓਜ ਤੱਕ ਕਰਮਚਾਰੀਆਂ ਦੀ ਸਖਤ ਮਿਹਨਤ ਸਕਦਾ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਜ਼ਿਲ੍ਹਾ ਟੀਮ ਹੁਣ ਹੋਰ ਵੀ ਜੋਸ਼ ਤੇ ਉਤਸਾਹ ਨਾਲ ਅਗਾਮੀ ਲੋਕ ਸਭਾ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੰਮ ਕਰੇਗੀ। ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸੂ ਅਗਰਵਾਲ ਨੇ ਇਸ ਐਵਾਰਡ ਲਈ ਜ਼ਿਲ੍ਹਾ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਸਮੂਹ ਜ਼ਿਲ੍ਹਾ ਵਾਸੀਆਂ ਦਾ ਵੀ ਧੰਨਵਾਦ ਕੀਤਾ।